ਮਹਿਲਾ ਕ੍ਰਿਕਟ: ਆਸਟਰੇਲੀਆ ਨੇ ਭਾਰਤ ਨੂੰ 190 ਦੌੜਾਂ ਨਾਲ ਹਰਾਇਆ
ਮੁੰਬਈ, 2 ਜਨਵਰੀ
ਲੈਅ ਵਿੱਚ ਚੱਲ ਰਹੀ ਫੋਏਬੇ ਲਿਚਫੀਲਡ ਦੇ ਸੈਂਕੜੇ ਦੀ ਮਦਦ ਨਾਲ ਰਿਕਾਰਡ ਸਕੋਰ ਬਣਾਉਣ ਵਾਲੀ ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇੱਥੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ’ਚ ਭਾਰਤ ਨੂੰ 190 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਕਲੀਨ ਸਵੀਪ ਕੀਤਾ। ਇਸ ਤਰ੍ਹਾਂ ਭਾਰਤੀ ਮਹਿਲਾ ਟੀਮ ਦਾ ਆਸਟਰੇਲੀਆ ਨੂੰ ਇੱਕ ਰੋਜ਼ਾ ਮੈਚਾਂ ਵਿੱਚ ਆਪਣੇ ਘਰੇਲੂ ਮੈਦਾਨ ’ਤੇ ਹਰਾਉਣ ਦਾ ਪਿਛਲੇ 16 ਸਾਲਾਂ ਤੋਂ ਚੱਲ ਰਿਹਾ ਇੰਤਜ਼ਾਰ ਹੋਰ ਵਧ ਗਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 338 ਦੌੜਾਂ ਦਾ ਆਪਣਾ ਸਰਬੋਤਮ ਸਕੋਰ ਬਣਾਇਆ। ਜਵਾਬ ’ਚ ਭਾਰਤੀ ਟੀਮ 32.4 ਓਵਰਾਂ ’ਚ 148 ਦੌੜਾਂ ’ਤੇ ਹੀ ਸਿਮਟ ਗਈ। ਲਿਚਫੀਲਡ ਨੇ 125 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਵੱਡੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਪੰਜਵੇਂ ਓਵਰ ਵਿੱਚ ਹੀ ਯਾਸਤਿਕਾ ਭਾਟੀਆ (6) ਦੀ ਵਿਕਟ ਗੁਆ ਦਿੱਤੀ ਜਦਕਿ ਉਸ ਦੀ ਸਲਾਮੀ ਜੋੜੀਦਾਰ ਸਮ੍ਰਿਤੀ ਮੰਧਾਨਾ (29) ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੀ। ਕਪਤਾਨ ਹਰਮਨਪ੍ਰੀਤ ਕੌਰ (3) ਦਾ ਖਰਾਬ ਪ੍ਰਦਰਸ਼ਨ ਵੀ ਜਾਰੀ ਰਿਹਾ। -ਪੀਟੀਆਈ