For the best experience, open
https://m.punjabitribuneonline.com
on your mobile browser.
Advertisement

ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ‘ਆਪ’ ਵਿੱਚ ਸ਼ਾਮਲ

07:15 AM May 21, 2024 IST
ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ‘ਆਪ’ ਵਿੱਚ ਸ਼ਾਮਲ
ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨਾਲ।
Advertisement

ਗਗਨਦੀਪ ਅਰੋੜਾ
ਲੁਧਿਆਣਾ, 20 ਮਈ
ਇੱਥੇ ਅੱਜ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਨੇ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਮਨੀਸ਼ਾ ਕਪੂਰ, ਰਾਜਾ ਵੜਿੰਗ ਦੇ ਲੁਧਿਆਣਾ ਤੋਂ ਉਮੀਦਵਾਰ ਵਜੋਂ ਐਲਾਨ ਮਗਰੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਨਾਲ ਲਗਾਤਾਰ ਪ੍ਰਚਾਰ ’ਚ ਲੱਗੀ ਹੋਈ ਸੀ। ਹਰ ਕੋਈ ਇਸ ਗੱਲ ਤੋਂ ਹੈਰਾਨ ਹੈ ਕਿ ਇਕਦਮ ਅਜਿਹਾ ਕੀ ਹੋਇਆ ਕਿ ਮਨੀਸ਼ਾ ਕਪੂਰ ਨੇ ਹੱਥ ਛੱਡ ਕੇ ਝਾੜੂ ਫੜ ਲਿਆ। ਮਨੀਸ਼ਾ ਕਪੂਰ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਦਫ਼ਤਰ ’ਚ ਜਾ ਕੇ ‘ਆਪ’ ਵਿੱਚ ਸ਼ਾਮਲ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਪਤੀ ਭਾਨੂ ਪ੍ਰਤਾਪ ਸਿੰਘ ਵੀ ‘ਆਪ’ ਵਿੱਚ ਸ਼ਾਮਲ ਹੋ ਗਏ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਤਾਂ ਮਨੀਸ਼ਾ ਕਪੂਰ ਪ੍ਰਦਰਸ਼ਨ ਕਰਨ ਵਾਲਿਆਂ ’ਚ ਸਭ ਤੋਂ ਅੱਗੇ ਸੀ। ਉਨ੍ਹਾਂ ਨੂੰ ਆਸ਼ੂ ਧੜੇ ਦੀ ਆਗੂ ਵੱਲੋਂ ਦੇਖਿਆ ਜਾਂਦਾ ਸੀ। ਦੋ ਦਿਨ ਪਹਿਲਾਂ ਵੀ ਉਨ੍ਹਾਂ ਕਾਂਗਰਸ ਲਈ ਘਰ ਘਰ ਜਾ ਕੇ ਪ੍ਰਚਾਰ ਕੀਤਾ, ਪਰ ਇੱਕ ਦਿਨ ’ਚ ਹੀ ਮਨੀਸ਼ਾ ਕਪੂਰ ਨੇ ਆਪਣਾ ਫੈਸਲਾ ਬਦਲ ਦਿੱਤਾ ਅਤੇ ਉਨ੍ਹਾਂ ਨੇ ਚੌਧਰੀ ਮਦਨ ਲਾਲ ਬੱਗਾ ਦੇ ਦਫ਼ਤਰ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਮਨੀਸ਼ਾ ਕਪੂਰ ਨੇ ਕਿਹਾ ਕਿ ਪੰਜਾਬ ਦੇ ਹਿੱਤ ’ਚ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਧਰ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਮਨੀਸ਼ਾ ਕਪੂਰ ਮਿਹਨਤੀ ਵਰਕਰ ਹੈ। ਆਮ ਆਦਮੀ ਪਾਰਟੀ ਮਿਹਨਤੀ ਵਰਕਰਾਂ ਦੀ ਕਦਰ ਕਰਦੀ ਹੈ। ਅੱਜ ਪੰਜਾਬ ਹਿੱਤ ’ਚ ਲੋਕ ਆਮ ਆਦਮੀ ਪਾਰਟੀ ਦੇ ਕਾਫ਼ਲੇ ’ਚ ਜੁੜ ਰਹੇ ਹਨ। ਇਸ ਫੈਸਲੇ ਕਾਰਨ ਕਈ ਕਾਂਗਰਸੀ ਆਗੂ ਹੈਰਾਨ ਹਨ।

Advertisement

ਭਾਜਪਾ ਆਗੂ ਰਹੇ ਪਤੀ-ਪਤਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਖੰਨਾ(ਜੋਗਿੰਦਰ ਸਿੰਘ ਓਬਰਾਏ):ਭਾਜਪਾ ਵਿੱਚ ਪੰਜਾਬ ਭਾਜਪਾ ਦੇ ਸੰਯੁਕਤ ਪ੍ਰੈੱਸ ਸਕੱਤਰ ਤੇ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਹਿ ਇੰਚਾਰਜ਼ ਰਹੇ ਗੁਲਜ਼ਾਰ ਖੰਨਾ ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਜੋ ਕਿ ਭਾਜਪਾ ਮਹਿਲਾ ਮੰਡਲ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਵਰਗੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ, ਅੱਜ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਹੇਠ ਆਮ ਆਦਪੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮਨਿੰਦਰ ਸਿੰਘ ਗਰੇਵਾਲ ਵੀ ਪਾਰਟੀ ਵਿੱਚ ਸ਼ਾਮਲ ਹੋਏ। ਵਿਧਾਇਕ ਸੌਂਦ ਨੇ ਸ਼ਾਮਲ ਮੈਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਸ੍ਰੀ ਖੰਨਾ ਤੇ ਜਸਵੀਰ ਕੌਰ ਨੇ ਕਿਹਾ ਕਿ ਭਾਜਪਾ ਵਿਚ ਦਲਿਤਾਂ ਦੀ ਸੁਣਵਾਈ ਨਹੀਂ ਹੁੰਦੀ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਚੀਮਾ ਨੇ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਨੂੰ ਨਜ਼ਰਅੰਦਾਜ਼ ਕੀਤਾ। ਐੱਸਸੀ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਵਿੱਚ ਰਹਿੰਦਿਆਂ ਕਈ ਅਹਿਮ ਅਹੁਦਿਆਂ ’ਤੇ ਦਿਨ ਰਾਤ ਮਿਹਨਤ ਕੀਤੀ ਪਰ ਭਾਜਪਾ ਤੋਂ ਸਨਮਾਨ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਚੀਮਾ ਦੀ ਅਗਵਾਈ ਹੇਠ ਹਲਕਾ ਪਾਇਲ ਵਿੱਚ ਬੂਥ ਕਾਨਫਰੰਸ ਕੀਤੀ ਗਈ ਸੀ ਜਿੱਥੇ ਸਟੇਜ ’ਤੇ ਬੋਲਣ ਦੀ ਮੰਗ ਨੂੰ ਲੈ ਕੇ ਕੁਝ ਤਕਰਾਰ ਹੋ ਗਿਆ ਸੀ ਉਪਰੰਤ ਮਾਮਲਾ ਹੱਥੋਂਪਾਈ ਤੱਕ ਪਹੁੰਚ ਗਿਆ। ਇਸ ਦੌਰਾਨ ਗੁਲਜ਼ਾਰ ਖੰਨਾ ਦੀ ਪੱਗ ਵੀ ਉਤਰ ਗਈ ਜਿਨ੍ਹਾਂ ਬਾਅਦ ਵਿਚ ਥਾਣਾ ਪਾਇਲ ਵਿੱਚ ਕੇਸ ਦਰਜ ਕਰਵਾਇਆ ਪਰ ਕਾਰਵਾਈ ਤੋਂ ਸੰਤੁਸ਼ਟ ਨਾ ਹੋ ਕੇ ਉਨ੍ਹਾਂ 7 ਮਈ ਨੂੰ ਆਪਣੀ ਪਤਨੀ ਸਣੇ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੌਕੇ ਕੌਂਸਲਰ ਸੁਰਿੰਦਰ ਕੁਮਾਰ ਬਾਵਾ, ਗੁਰਮੀਤ ਵਿੱਕੀ, ਅਮਰਦੀਪ ਸਿੰਘ ਪੁਰੇਵਾਲ, ਮਨਰੀਤ ਸਿੰਘ ਨਾਗਰਾ, ਮਨੂੰ ਮਨੋਚਾ, ਮਨੀ ਸ਼ਰਮਾ, ਸਮਸ਼ੇਰ ਸ਼ਰਮਾ ਹਾਜ਼ਰ ਸਨ।

ਕਾਂਗਰਸ ਦੇ ਸਾਬਕਾ ਕੌਂਸਲਰ ਪਰਵਿੰਦਰ ਲਾਪਰਾਂ ਭਾਜਪਾ ਵਿੱਚ ਸ਼ਾਮਲ

ਲੁਧਿਆਣਾ (ਗੁਰਿੰਦਰ ਸਿੰਘ): ਕਾਂਗਰਸ ਦੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ ਸਣੇ ਕਾਂਗਰਸ ਪਾਰਟੀ ਦੇ ਕਈ ਆਗੂਆਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅੱਜ ਸ਼ਾਮ ਫਿਰੋਜਪੁਰ ਰੋਡ ਸਥਿਤ ਇੱਕ ਪੈਲਸ ਵਿੱਚ ਹੋਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਦੀ ਹਾਜ਼ਰੀ ਵਿੱਚ ਪਰਵਿੰਦਰ ਲਾਪਰਾਂ ਆਪਣੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਚਰਨਜੀਤ ਸਿੰਘ ਅਟਵਾਲ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਹਾਜ਼ਰ ਸਨ। ਇਸ ਮੌਕੇ ਸਾਬਕਾ ਕੌਂਸਲਰ ਪਰਵਿੰਦਰ ਲਾਪਰਾਂ, ਅੰਕਿਤ ਚੌਧਰੀ, ਐਡਵੋਕੇਟ ਅਵਨੀਤ ਕੌਰ, ਮਨਪ੍ਰੀਤ ਕੌਰ, ਪ੍ਰੀਤੀ ਭਾਟੀਆ, ਡਾ. ਸੁਰਜੀਤ ਸਿੰਘ ਅਤੇ ਅਨਿਲ ਜੈਨ ਵੀ ਆਪਣੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਕੈਲਾਸ਼ ਚੌਧਰੀ ਨੇ ਸਿਰੋਪੇ ਭੇਟ ਕਰਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਦੇਸ਼ ਵਿਕਾਸ ਵੱਲ ਵੱਧ ਰਿਹਾ ਹੈ ਜਿਨ੍ਹਾਂ ਨੂੰ ਵੇਖ ਕੇ ਦੂਜੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਵਿਕਾਸ ਦੇ ਨਾਅਰੇ ਨੂੰ ਲੈ ਕੇ ਜਨਤਾ ਦੀ ਕਚਹਿਰੀ ਵਿੱਚ ਹੈ ਅਤੇ ਦੇਸ਼ ਭਰ ਵਿੱਚ ਭਾਜਪਾ ਨੂੰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਅਤੇ ਪ੍ਰਧਾਨ ਰਜਨੀਸ਼ ਧਮਾਨ ਨੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਰੌਸ਼ਨੀ ਪਾਈ। ਇਸ ਮੌਕੇ ਅਮਰਜੀਤ ਸਿੰਘ ਟਿੱਕਾ, ਕਮਲਜੀਤ ਸਿੰਘ ਕੜਵਲ, ਮਹਿਲਾ ਮੋਰਚਾ ਪ੍ਰਧਾਨ ਸ਼ੀਨੂ ਚੁੱਗ, ਡਾ: ਸਤੀਸ਼ ਕੁਮਾਰ, ਹਰਕੇਸ਼ ਮਿੱਤਲ ਹਾਜ਼ਰ ਸਨ।

Advertisement
Author Image

Advertisement
Advertisement
×