ਜਿਨਸੀ ਸ਼ੋਸ਼ਣ: ਕੌਮੀ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਦੇ ਪਾਸਟਰ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ
ਨਵੀਂ ਦਿੱਲੀ, 7 ਮਾਰਚ
ਕੌਮੀ ਮਹਿਲਾ ਕਮਿਸ਼ਨ (NCW) ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੈਨਲ ਨੇ ਪੰਜਾਬ ਪੁਲੀਸ ਤੋਂ ਪਾਦਰੀ ਬਜਿੰਦਰ ਸਿੰਘ ਵਿਰੁੱਧ ਤੇਜ਼ੀ ਨਾਲ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਰਾਹਤਕਰ ਨੇ ਕਿਹਾ ਕਿ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਤਿੰਨ ਦਿਨਾਂ ਦੇ ਅੰਦਰ ਇਸ ਮਾਮਲੇ ਵਿੱਚ ਕਾਰਵਾਈ-ਲਿਖਤ ਰਿਪੋਰਟ ਅਤੇ ਐਫਆਈਆਰ ਦੀ ਇੱਕ ਕਾਪੀ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ "ਪੰਜਾਬ ਦੇ ਇੱਕ ਪਾਦਰੀ ਨਾਲ ਜੁੜਿਆ ਮਾਮਲਾ ਬਹੁਤ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਜਿਸ ਤਰ੍ਹਾਂ ਲੜਕੀ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ, ਉਹ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਘਟਨਾ ਦਾ ਖੁਦ ਨੋਟਿਸ ਲਿਆ ਹੈ ਅਤੇ ਪੰਜਾਬ ਪੁਲੀਸ ਨੂੰ ਪੁੱਛਿਆ ਹੈ ਕਿ ਉਹ ਕੀ ਕਾਰਵਾਈ ਕਰਨਗੇ।
ਪੁਲੀਸ ਨੇ 2 ਮਾਰਚ ਨੂੰ ਦੱਸਿਆ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਗਿਰਜਾਘਰ ਦੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ 22 ਸਾਲਾ ਲੜਕੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਗਾਇਆ ਹੈ ਕਿ ਉਹ ਅਤੇ ਉਸਦੇ ਮਾਪੇ ਅਕਤੂਬਰ 2017 ਤੋਂ ਗਿਰਜਾਘਰ ਜਾ ਰਹੇ ਹਨ। ਪਾਦਰੀ ਨੇ ਉਸਦਾ ਮੋਬਾਈਲ ਫੋਨ ਨੰਬਰ ਲੈ ਲਿਆ ਅਤੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਸ਼ਿਕਾਇਤ ਅਨੁਸਾਰ ਉਸ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਨਹੀਂ ਦੱਸਿਆ ਕਿਉਂਕਿ ਉਹ ਬਜਿੰਦਰ ਸਿੰਘ ਤੋਂ ਡਰਦੀ ਸੀ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ 2022 ਤੋਂ ਬਜਿੰਦਰ ਸਿੰਘ ਕਥਿਤ ਤੌਰ 'ਤੇ ਉਸ ਨੂੰ ਐਤਵਾਰ ਨੂੰ ਗਿਰਜਾਘਰ ਦੇ ਇਕ ਕੈਬਿਨ ਵਿੱਚ ਇਕੱਲਿਆਂ ਬਿਠਾਉਂਦਾ ਸੀ ਅਤੇ ਉਸਨੂੰ ਇਤਰਾਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲਿਸ ਨੇ ਦੱਸਿਆ ਕਿ ਬਜਿੰਦਰ ਸਿੰਘ ਵਿਰੁੱਧ 354ਏ (ਜਿਨਸੀ ਸ਼ੋਸ਼ਣ), 354ਡੀ (ਪਿੱਛਾ ਕਰਨਾ) ਅਤੇ 506 (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। -ਪੀਟੀਆਈ