ਮਨੀਪੁਰ ਘਟਨਾ ਖ਼ਿਲਾਫ਼ ਮਹਿਲਾਵਾਂ ਦਾ ਗੁੱਸਾ ਫੁੱਟਿਆ; ਹਾਈਵੇਅ ਕੀਤਾ ਜਾਮ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਜੁਲਾਈ
ਮਨੀਪੁਰ ’ਚ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਅਤੇ ਉਨ੍ਹਾਂ ਨਾਲ ਸਮੂਹਿਕ ਜਬਰ-ਜਨਾਹ ਕਰਨ ਦੀ ਘਟਨਾ ਖ਼ਿਲਾਫ਼ ਦੇਸ਼ ਭਰ ਦੀਆਂ ਔਰਤਾਂ ਦਾ ਗੁੱਸਾ ਫੁੱਟਿਆ ਹੈ। ਉਨ੍ਹਾਂ ਇੱਥੇ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇਅ ਸਥਿਤ ਚੌਕੀਮਾਨ ਟੌਲ ’ਤੇ ਪ੍ਰਦਰਸ਼ਨ ਕੀਤਾ। ਇਸ ਘਟਨਾ ਨੂੰ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਕਰਾਰ ਦਿੰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨਾਲ ਜੁੜੀਆਂ ਮਹਿਲਾ ਕਾਰਕੁਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ’ਤੇ ਮਨੀਪੁਰ ਮੁੱਦੇ ’ਤੇ ਮੂੰਹ ਖੋਲ੍ਹਣ ਲਈ ਮਜਬੂਰ ਹੋਣਾ ਪਿਆ, ਪਰ ਫਿਰ ਵੀ ਉਹ ਭਾਜਪਾ ਨੇਤਾ ਵਜੋਂ ਹੀ ਬੋਲੇ ਨਾ ਕਿ ਪ੍ਰਧਾਨ ਮੰਤਰੀ ਵਜੋਂ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਮੌਜੂਦਗੀ ’ਚ ਗਿਆਨ ਕੌਰ, ਜਸਵੀਰ ਕੌਰ, ਮੁਖਤਿਆਰ ਕੌਰ, ਮਨਜੀਤ ਕੌਰ, ਕਰਤਾਰ ਕੌਰ, ਚਰਨਜੀਤ ਕੌਰ, ਮਲਕੀਤ ਕੌਰ ਆਦਿ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਲੁਧਿਆਣਾ(ਗੁਰਿੰਦਰ ਸਿੰਘ): 1984 ਦੰਗਾ ਪੀੜਤ ਵੈਲਫੇਅਰ ਸੁਸਾਇਟੀ ਇਸਤਰੀ ਵਿੰਗ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਮਨੀਪੁਰ ਦੀ ਵਿਗੜੀ ਅਮਨ ਕਾਨੂੰਨ ਦੀ ਹਾਲਤ ਨੂੰ ਵੇਖਦਿਆਂ ਸਰਕਾਰ ਨੂੰ ਤੁਰੰਤ ਭੰਗ ਕਰ ਕੇ ਦੋ ਔਰਤਾਂ ਨਾਲ ਅਣਮਨੁੱਖੀ ਕਾਰਾ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਇਸੇ ਤਰ੍ਹਾਂ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਅੱਜ ਮਾਤਾ ਰਾਣੀ ਚੌਕ ਸਥਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮੂੰਹ ਤੇ ਚਿੱਟੀਆਂ ਪੱਟੀਆਂ ਬੰਨ੍ਹ ਕੇ ਮਨੀਪੁਰ ਦੀਆਂ ਦੁੱਖ ਦਾਈ ਘਟਨਾਵਾਂ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖ਼ਾਰਜ ਕਰਨ ਅਤੇ ਲੋਕਤੰਤਰ ਚ ਆਈ ਗਿਰਾਵਟ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟ ਕੁੱਲ ਹਿੰਦ ਕਾਂਗਰਸ ਓਬੀਸੀ ਇੰਚਾਰਜ ਪੰਜਾਬ ਦੀ ਅਗਵਾਈ ਹੇਠ ਸ਼ਾਂਤਮਈ ਧਰਨੇ ਤੇ ਬੈਠੇ ਵਰਕਰਾਂ ਨੂੰ ਮੋੜ ਰੱਖਿਆ।
ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਪੰਜਾਬ ਭਰ ਵਿੱਚ ਦੋਵਾਂ ਸਰਕਾਰਾਂ ਖ਼ਿਲਾਫ਼ 25 ਜੁਲਾਈ ਨੂੰ ਲੋਕ ਸਭਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਬਸਪਾ ਦੇ ਸੂਬਾਈ ਆਗੂਆਂ ਵੱਲੋਂ ਪੰਜਾਬ ਭਰ ਵਿੱਚ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਘੱਟੋ ਘੱਟ 200 ਵਰਕਰ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਜਨਤਕ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਲੁਧਿਆਣਾ(ਸਤਵਿੰਦਰ ਬਸਰਾ): ਇਨਕਲਾਬੀ ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਮਨੀਪੁਰ ਵਿੱਚ ਵਾਪਰ ਰਹੀਆਂ ਘਟਨਾਵਾਂ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਧਾਰੀ ਚੁੱਪ ’ਤੇ ਰੋਸ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਇਕੱਠੇ ਹੋਏ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਤੇ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਕਿਹਾ ਕਿ ਮਨੀਪੁਰ ਵਿੱਚ ਵਾਪਰ ਰਹੀਆਂ ਸ਼ਰਮਨਾਕ ਅਤੇ ਦਰਦਨਾਕ ਘਟਨਾਵਾਂ ਦੌਰਾਨ ਹਜੂਮ ਵੱਲੋਂ ਔਰਤਾਂ ਨੂੰ ਨਿਰਵਸਤਰ ਕਰਨ ਅਤੇ ਜਬਰ-ਜਨਾਹ ਵਰਗੇ ਦਰਿੰਦਗੀ ਭਰੇ ਕਾਰਿਆਂ ਨੇ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿੱਚ ਨੀਵਾਂ ਕੀਤਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਇੱਕ ਲੜਕੀ ਤੋਂ ਹੀ ਮੋਦੀ ਦੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਕਰਵਾਈ ਗਈ। ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਇਕਜੁੱਟ ਹੋ ਕੇ ਫਿਰਕਾਪ੍ਰਸਤ ਸਰਕਾਰਾਂ ਨੂੰ ਭਾਂਜ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।