ਮਹਿਲਾ ਹਾਕੀ: ਭਾਰਤ ਤੇ ਮਲੇਸ਼ੀਆ ਵਿਚਾਲੇ ਮੁਕਾਬਲਾ ਅੱਜ
ਕਾਕਾਮਿਗਹਾਰਾ (ਜਪਾਨ), 4 ਜੂਨ
ਜੂਨੀਅਰ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਮਗਰੋਂ ਆਤਮਵਿਸ਼ਵਾਸ ਨਾਲ ਲਬਰੇਜ਼ ਭਾਰਤੀ ਮਹਿਲਾ ਹਾਕੀ ਟੀਮ ਆਪਣੇ ਦੂਜੇ ਪੂਲ ਮੈਚ ਵਿੱਚ ਭਲਕੇ ਸੋਮਵਾਰ ਨੂੰ ਮਲੇਸ਼ੀਆ ਦੀ ਟੀਮ ਨਾਲ ਭਿੜੇਗੀ। ਭਾਰਤੀ ਟੀਮ ਨੇ ਪਹਿਲੇ ਮੈਚ ‘ਚ ਉਜ਼ਬੇਕਿਸਤਾਨ ਦੀ ਟੀਮ ਨੂੰ 22-0 ਗੋਲਾਂ ਅੰਤਰ ਨਾਲ ਹਰਾ ਕੇ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕੀਤੀ। ਉਜ਼ਬੇਕਿਸਤਾਨ ਖ਼ਿਲਾਫ਼ ਮੈਚ ਵਿੱਚ ਭਾਰਤੀ ਟੀਮ ਨੇ ਖੇਡ ਦੇ ਹਰ ਮੁਹਾਜ਼ ‘ਤੇ ਵਧੀਆ ਪ੍ਰਦਰਸ਼ਨ ਕੀਤਾ। ਮੈਚ ਦੌਰਾਨ ਭਾਰਤ ਵੱਲੋਂ ਅੱਠ ਖਿਡਾਰਨਾਂ ਵੈਸ਼ਨਵੀ ਵਿੱਠਲ ਫਾਲਕੇ, ਮੁਮਤਾਜ ਖ਼ਾਨ, ਅਨੂ, ਸੁਨੇਲਿਤਾ ਟੋਪੋ, ਮੰਜੂ ਚੌਰਸੀਆ। ਦੀਪਿਕਾ ਸੋਰੇਂਗ, ਦੀਪਿਕਾ ਅਤੇ ਨੀਲਮ ਨੇ ਗੋਲ ਦਾਗੇੇ। ਅਨੂ ਨੇ ਦੋਹਰੀ ਹੈਟ੍ਰਿਕ ਲਗਾਈ ਜਦਕਿ ਮੁਮਤਾਜ਼ ਖ਼ਾਨ ਅਤੇ ਦੀਪਿਕਾ ਨੇ ਚਾਰ-ਚਾਰ ਗੋਲ ਦਾਗੇ। ਭਾਰਤੀ ਮਹਿਲਾ ਹਾਕੀ ਟੀਮ ਭਲਕੇ 5 ਜੂਨ ਨੂੰ ਮਲੇਸ਼ੀਆ ਖ਼ਿਲਾਫ਼ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣ ਦੇ ਮਨਸ਼ੇ ਨਾਲ ਮੈਦਾਨ ‘ਚ ਉੱਤਰੇਗੀ। ਕਪਤਾਨ ਪ੍ਰੀਤੀ ਨੇ ਕਿਹਾ ਕਿ ਟੀਮ ਟੂਰਨਾਮੈਂਟ ਦੇ ਅਗਲੇ ਮੈਚਾਂ ਵਿੱਚ ਜਿੱਤ ਦੀ ਲੈਅ ਬਰਕਰਾਰ ਰੱਖਣ ‘ਚ ਕੋਈ ਕਸਰ ਨਹੀਂ ਛੱਡੇਗੀ। ਪ੍ਰੀਤੀ ਨੇ ਆਖਿਆ, ”ਅਸੀਂ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕਰਕੇ ਮਜ਼ਬੂਤ ਨੀਂਹ ਰੱਖੀ ਹੈ ਅਤੇ ਸਾਡਾ ਟੀਚਾ ਮਲੇਸ਼ੀਆ ਖ਼ਿਲਾਫ਼ ਵੀ ਇਸੇ ਪ੍ਰਤੀਬੱਧਤਾ ਨਾਲ ਖੇਡਣਾ ਹੈ।” ਦੂਜੇ ਪਾਸੇ ਮਲੇਸ਼ੀਆ ਨੇ ਪਹਿਲੇ ਮੈਚ ਵਿੱਚ ਚੀਨੀ ਤਾਇਪੈ ਨੂੰ 7-0 ਗੋਲਾਂ ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਹੈ। ਮੰਗਲਵਾਰ ਨੂੰ ਕੋਰੀਆ ਦਾ ਸਾਹਮਣਾ ਕਰੇਗੀ। ਭਾਰਤੀ ਟੀਮ ਦਾ ਆਖਰੀ ਪੂਲ ਮੈਚ ਚੀਨੀ ਤਾਇਪੈ ਨਾਲ 8 ਜੂਨ ਨੂੰ ਹੋਵੇਗਾ। -ਪੀਟੀਆਈ