ਹਰਿਆਣਾ ਰੋਡਵੇਜ਼ ਬੱਸਾਂ ’ਚ ਮੁਫ਼ਤ ਸਫ਼ਰ ਨਹੀਂ ਕਰ ਸਕਣਗੀਆਂ ਔਰਤਾਂ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 27 ਜੁਲਾਈ
ਰੱਖੜੀ ਮੌਕੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਇਸ ਵਾਰ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਉਪਲੱਬਧ ਨਹੀਂ ਹੋਵੇਗੀ। ਰੋਡਵੇਜ਼ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਕਰੋਨਾ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਅਤੇ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਬੀਤੇ 14 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਔਰਤਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਲਈ ਮੁਫ਼ਤ ਸਫ਼ਰ ਦੀ ਸਹੂਲਤ ਨਹੀਂ ਲੈ ਸਕਣਗੀਆਂ। ਸ੍ਰੀ ਸ਼ਰਮਾ ਨੇ ਕਿਹਾ ਕਿ ਜੇਕਰ ਇਸ ਤਿਓਹਾਰ ’ਤੇ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸਾਲ 2006 ਤੋਂ ਲਗਾਤਾਰ ਰੱਖੜੀ ਦੀ ਪਹਿਲੀ ਸ਼ਾਮ ਤੋਂ ਲੈ ਕੇ ਅਗਲੇ ਦਨਿ ਤੱਕ ਔਰਤਾਂ ਅਤੇ ਬੱਚਿਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਮਿਲਦੀ ਰਹੀ ਹੈ। ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਦੀ ਸ਼ੁਰੁਆਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ, ਸਮਾਜ ਸੇਵਿਕਾ ਰੇਖਾ ਵਾਲਮੀਕੀ, ਪ੍ਰਿਯੰਕਾ ਕਸ਼ਯਪ, ਭਾਜਪਾ ਸੂਬਾਈ ਕਾਰਜਕਾਰਨੀ ਮੈਂਬਰ ਸ਼ਕੁੰਤਲਾ ਸ਼ਰਮਾ ਅਤੇ ਡਾ. ਸ਼ੰਤੋਸ਼ ਦਹੀਆ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਨੂੰ ਲੋਕਹਿਤ ਵਿੱਚ ਚੁੱਕਿਆ ਚੰਗਾ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਸਮੇਂ ਦੀ ਲੋੜ ਹੈ।
ਰੋਡਵੇਜ਼ ਨੂੰ 850 ਕਰੋੜ ਰੁਪਏ ਤੋਂ ਵੱਧ ਦਾ ਘਾਟਾ
ਰੋਡਵੇਜ਼ ਨੂੰ ਕਰੋਨਾ ਕਾਲ ਵਿੱਚ 850 ਕਰੋੜ ਤੋਂ ਵੱਧ ਦਾ ਹੋ ਚੁੱਕਿਆ ਹੈ। 52 ਦੀ ਥਾਂ ਸਿਰਫ਼ 30 ਸੀਟਾਂ ’ਤੇ ਹੀ ਸਵਾਰੀਆਂ ਲੈ ਕੇ ਰੋਡਵੇਜ਼ ਦੀਆਂ 1307 ਤੋਂ ਵੱਧ ਬਸਾਂ ਚੱਲ ਰਹੀਆਂ ਹਨ। ਯੂਪੀ ਵਿੱਚ ਰੋਡਵੇਜ਼ ਦੀਆਂ 44 ਬੱਸਾਂ ਜਾ ਰਹੀਆਂ ਹਨ, ਜਦਕਿ ਰਾਜਸਥਾਨ ਵਿੱਚ 80 ਬੱਸਾਂ ਚੱਲ ਰਹੀਆਂ ਹਨ। ਹਰਿਆਣਾ ਰੋਡਵੇਜ਼ ਨੇ ਪੰਜਾਬ, ਚੰਡੀਗੜ੍ਹ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਰੂਟਾਂ ’ਤੇ ਆਪਣੀਆਂ ਬੱਸਾਂ ਨਹੀਂ ਚਲਾਈਆਂ।