ਕਾਂਗਰਸ ਆਉਣ ’ਤੇ ਔਰਤਾਂ ਨੂੰ 2000 ਰੁਪਏ ਮਾਣ ਭੱਤਾ ਮਿਲੇਗਾ: ਵਿਜੈ ਪ੍ਰਤਾਪ ਸਿੰਘ
ਕੁਲਵਿੰਦਰ ਕੌਰ
ਫਰੀਦਾਬਾਦ, 1 ਅਕਤੂਬਰ
ਬੜਖਲ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੇ ਇਲਾਕਿਆਂ ਦੀ ਸਫ਼ਾਈ ਤੇ ਸਾਂਭ-ਸੰਭਾਲ ਦਾ ਕੰਮ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਿਊਡੀਏ) ਨੂੰ ਦਿੱਤਾ ਜਾਵੇਗਾ ਤੇ ਜੇ ਉਹ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਕੀਤੇ ਕੰਮ ਨੂੰ ਮਨਜ਼ੂਰੀ ਦਿੰਦੇ ਹਨ ਤਾਂ ਹੀ ਉਨ੍ਹਾਂ ਦੀਆਂ ਤਨਖ਼ਾਹਾਂ ਕੰਪਨੀਆਂ/ਠੇਕੇਦਾਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ। ਸੀਵਰੇਜ ਦੀ ਸਫ਼ਾਈ ਅਤੇ ਰੱਖ-ਰਖਾਅ ਵਰਗੀਆਂ ਕਈ ਸਮੱਸਿਆਵਾਂ ਹੱਲ ਕਰਨ ਲਈ ਉਹ ਲੋਕਾਂ ਨੂੰ ਆਪਣੀ ਤਾਕਤ ਦੇਣ ਜਾ ਰਹੇ ਹਨ।
ਵਿਜੈ ਪ੍ਰਤਾਪ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਔਰਤਾਂ ਨੂੰ 2000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ 6 ਹਜ਼ਾਰ ਰੁਪਏ ਦੀ ਪੈਨਸ਼ਨ, 500 ਰੁਪਏ ਵਿੱਚ ਗੈਸ ਸਿਲੰਡਰ ਅਤੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਕਾਂਗਰਸ ਸਿਹਤ ਦੇ ਖੇਤਰ ’ਚ ਵੱਡੀ ਯੋਜਨਾ ਲੈ ਕੇ ਆ ਰਹੀ ਹੈ। ਇਸ ਤਹਿਤ ਹਰ ਪਰਿਵਾਰ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ, ਉਹ ਵੀ ਕਿਸੇ ਵੀ ਨਿੱਜੀ ਹਸਪਤਾਲ ਵਿੱਚ। ਇਸ ਸਭ ਦੇ ਲਈ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਪਵੇਗੀ ਅਤੇ ਆਪਣੀ ਪੂਰੀ ਤਾਕਤ ਲਗਾ ਕੇ ਬੜਖਲ ਵਿਧਾਨ ਸਭਾ ਹਲਕਾ ਸੀਟ ਨੂੰ ਵੱਡੇ ਫਰਕ ਨਾਲ ਜਿੱਤਾਉਣਾ ਪਵੇਗਾ।
ਵਿਜੈ ਨੇ ਕਿਹਾ, ‘ਮੈਂ ਤੁਹਾਡੀਆਂ ਸਮੱਸਿਆਵਾਂ ਨੂੰ ਜਾਣਦਾ ਹਾਂ, ਤੁਹਾਨੂੰ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਹਰ ਕੋਈ ਦੁਖੀ ਹੈ। ਸ਼ਹਿਰ ਹੋਵੇ, ਕਲੋਨੀ ਹੋਵੇ ਜਾਂ ਪਿੰਡ, ਹਰ ਕੋਈ ਭਾਜਪਾ ਦੇ 10 ਸਾਲਾਂ ਤੋਂ ਇੰਨਾ ਦੁਖੀ ਹੈ ਕਿ ਉਹ ਖੂਨ ਦੇ ਹੰਝੂ ਵਹਾ ਰਿਹਾ ਹੈ।’
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਦੇ ਮੈਦਾਨ ਨਹੀਂ ਹਨ। ਲੋਕਾਂ ਕੋਲ ਕਮਿਊਨਿਟੀ ਸੈਂਟਰ ਨਹੀਂ ਹਨ। ਸੜਕਾਂ, ਸੀਵਰੇਜ ਵਰਗੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਬਿਜਲੀ ਦੇ ਛਾਪਿਆਂ ਦੇ ਨਾਂ ‘ਤੇ ਪਿੰਡਾਂ ਦੇ ਲੋਕਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਨੌਜਵਾਨਾਂ ਲਈ ਨੌਕਰੀਆਂ ਨਹੀਂ ਹਨ। ਕਰੋੜਾਂ ਰੁਪਏ ਦੀਆਂ ਅਦਾਇਗੀਆਂ ਬਿਨਾ ਕੰਮ ਕੀਤੇ ਦਿੱਤੀਆਂ ਗਈਆਂ। ਜਾਂਚ ਦੇ ਡਰੋਂ ਫਾਈਲਾਂ ਸਾੜ ਦਿੱਤੀਆਂ ਗਈਆਂ। ਉਨ੍ਹਾਂ ਵਾਅਦਾ ਕੀਤਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।