ਆਵਾਜ਼ ਉਠਾਉਣ ਵਾਲੀਆਂ ਔਰਤਾਂ ਨੂੰ ਅਕਸਰ ਦਬਾਇਆ ਜਾਂਦੈ: ਵਿਨੇਸ਼
ਨਵੀਂ ਦਿੱਲੀ, 28 ਅਕਤੂਬਰ
ਹਰਿਆਣਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਕਿ ਆਪਣੀ ਆਵਾਜ਼ ਉਠਾਉਣ ਵਾਲੀਆਂ ਔਰਤਾਂ ਨੂੰ ਅਕਸਰ ਦਬਾਇਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਵੀ ਪਹਿਲਾਂ ਅਜਿਹਾ ਹੋ ਚੁੱਕਾ ਹੈ। ਫੋਗਾਟ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਮੁਖੀ ਅਲਕਾ ਲਾਂਬਾ ਨਾਲ ਵਾਰਾਣਸੀ ਦੀ ਯੂਥ ਕਾਂਗਰਸ ਆਗੂ ਰੌਸ਼ਨ ਜੈਸਵਾਲ ਅਤੇ ਉਸ ਦੇ ਪਰਿਵਾਰ ਦੇ ਹੱਕ ਵਿੱਚ ਇੱਥੇ ਪ੍ਰੈੱਸ ਕਾਨਫਰੰਸ ਕੀਤੀ। ਜੈਸਵਾਲ ਉੱਤੇ ਸੋਸ਼ਲ ਮੀਡੀਆ ’ਤੇ ‘ਜਬਰ-ਜਨਾਹ ਦੀਆਂ ਧਮਕਿਆਂ’ ਦੇਣ ’ਤੇ ਭਾਜਪਾ ਸਮਰਥਕ ਨੂੰ ਥੱਪੜ ਮਾਰਨ ਦੇ ਦੋਸ਼ ਲੱਗ ਰਹੇ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿੱਚ ਇੱਕ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਜੈਸਵਾਲ ਆਖ ਰਹੀ ਹੈ ਕਿ ਉਸ ਨੇ ਸਤੰਬਰ ਵਿੱਚ ਜਬਰ-ਜਨਾਹ ਦੀਆਂ ਧਮਕੀਆਂ ਦੇਣ ਵਾਲੇ ਰਾਜੇਸ਼ ਕੁਮਾਰ ਨਾਂ ਦੇ ਇੱਕ ਵਿਅਕਤੀ ਨੂੰ ਥੱਪੜ ਮਾਰਿਆ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਸ ਦੇ ਘਰ ਦੀ ਕੁਰਕੀ ਦਾ ਨੋਟਿਸ ਜਾਰੀ ਕੀਤਾ ਗਿਆ। ਵਿਨੇਸ਼ ਫੋਗਾਟ ਨੇ ਇਸ ਬਾਰੇ ਕਿਹਾ, ‘ਭਾਜਪਾ ਜਾਂ ਯੂਪੀ ਸਰਕਾਰ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਾਲਾਂਕਿ ਭਾਜਪਾ ਸਰਕਾਰ ਤੋਂ ਮੈਨੂੰ ਬਹੁਤੀ ਉਮੀਦ ਨਹੀਂ ਹੈ। ਸਾਕਸ਼ੀ ਮਲਿਕ ਅਤੇ ਮੇਰੇ ਵਰਗੀਆਂ ਔਰਤਾਂ ਸੰਘਰਸ਼ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਅਸੀਂ ਜਾਣਦੀਆਂ ਹਾਂ ਕਿ ਕਿਵੇਂ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਹੈ।’ ਫੋਗਾਟ ਨੇ ਕਿਹਾ ਕਿ ਔਰਤਾਂ ਲਈ ਸੁਰੱਖਿਆ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ, ‘ਸਾਡੀ ਆਬਾਦੀ ਦਾ 50 ਫੀਸਦ ਹਿੱਸਾ ਔਰਤਾਂ ਹਨ ਅਤੇ ਸਾਡੇ ਅਧਿਕਾਰ ਅਤੇ ਸੁਰੱਖਿਆ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਭੁੱਲ ਸਕਦੇ ਹਨ ਪਰ ਮੈਂ ਅੰਤ ਤੱਕ ਲੜਦੀ ਰਹਾਂਗੀ।’ ਇਸ ਦੌਰਾਨ ਅਲਕਾ ਲਾਂਬਾ ਨੇ ਕੇਂਦਰ ਸਰਕਾਰ ਦੀ ‘ਬੇਟੀ ਬਚਾਓ’ ਮੁਹਿੰਮ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਕਿਸੇ ਔਰਤ ਨੂੰ ਇਨਸਾਫ਼ ਮਿਲਿਆ ਵੀ ਹੈ ਜਾਂ ਨਹੀਂ। -ਪੀਟੀਆਈ