ਭਾਜਪਾ ਦੇ ਰਾਜ ਵਿੱਚ ਔਰਤਾਂ ਅਸੁਰੱਖਿਅਤ: ‘ਆਪ’
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਜੁਲਾਈ
ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਰਜਨੀਸ਼ ਜੈਨ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਮਨੀਪੁਰ ਵਿੱਚ ਵਾਪਰੀ ਘਟਨਾ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਇਹੀ ਹਾਲ ਹਰਿਆਣਾ ਹੈ, ਜਿੱਥੇ ਖਿਡਾਰੀਆਂ ਨਾਲ ਜਨਿਸੀ ਸ਼ੋਸ਼ਣ ਕਰਨ ਵਾਲੇ ਮੰਤਰੀ ਦਾ ਹਾਲੇ ਵੀ ਅਹੁਦਾ ਬਰਕਰਾਰ ਹੈ।
ਇਸ ਦੌਰਾਨ ਡਾ. ਰਜਨੀਸ਼ ਜੈਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਨਿਸੀ ਸ਼ੋਸ਼ਣ ਦੇ ਕਥਿਤ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਅ ਰਹੀ ਤੇ ਹਰਿਆਣਾ ਵਿੱਚ ਅਜਿਹੇ ਦੋਸ਼ਾਂ ’ਚ ਘਿਰੇ ਸੰਦੀਪ ਸਿੰਘ ਦਾ ਮੰਤਰੀ ਦਾ ਅਹੁਦਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਮਹਿਲਾ ਵਿਰੋਧੀ ਸਰਕਾਰ ਹੈ। ਭਾਜਪਾ ਦਾ ‘ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ’ ਇਕ ਜੁਮਲਾ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਵਾਪਰੀ ਘਟਨਾ ਨੇ ਹਰ ਇਕ ਮਹਿਲਾ ਨੂੰ ਪੀੜਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਰਾਜ ਵਿਚ ਦੇਸ਼ ਤੇ ਸੂਬੇ ਵਿਚ ਮਹਿਲਾਵਾਂ ਕਿਧਰੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਿਕ ਹਰ ਰੋਜ਼ ਔਰਤਾਂ ’ਤੇ ਹਮਲੇ ਹੋ ਰਹੇ ਹਨ ਤੇ ਇਨ੍ਹਾਂ ਦਾ ਜਨਿਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਤੇ ਸੂਬੇ ਦੇ ਲੋਕਾਂ ਨੂੰ ਅਜਿਹੀ ਸਰਕਾਰ ਨਹੀਂ ਚਾਹੀਦੀ ਜਿਸ ਵਿਚ ਮਹਿਲਾਵਾਂ ਤੇ ਕਿਸੇ ਵੀ ਵਰਗ ਦੇ ਹਿੱਤ ਸੁਰੱਖਿਅਤ ਨਾ ਹੋਣ । 2024 ਦੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਵੋਟ ਦੀ ਚੋਟ ਨਾਲ ਜਵਾਬ ਦੇਣਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਬੀਰ ਜੋਗਨਾ ਖੇੜਾ, ਲੋਕ ਸਭਾ ਪ੍ਰਧਾਨ ਸੁਮਿਤ ਹਿੰਦੁਸਤਾਨੀ, ਮਹਿਲਾ ਜ਼ਿਲ੍ਹਾ ਪ੍ਰਧਾਨ ਆਸ਼ਾ ਪਠਾਣੀਆ, ਮਹਿਲਾ ਵਿੰਗ ਦੇ ਮੀਤ ਸਕੱਤਰ ਮੀਨਾ ਸੈਣੀ, ਪੁਸ਼ਪਾ ਚੌਧਰੀ, ਬਲਬੀਰ ਸਜੂਮਾ ਤੇ ਡਾ. ਸ਼ੰਕਰ ਮੌਜੂਦ ਸਨ।