Women U-19 T20 World cup: ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ
ਕੁਆਲਾਲੰਪੁਰ, 2 ਫਰਵਰੀ
ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਅੱਜ ਇੱਥੇ ਇੱਕਪਾਸੜ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ। ਭਾਰਤ ਨੇ ਦੱਖਣੀ ਅਫਰੀਕਾ ਦੇ 83 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 84 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਭਾਰਤ ਇੱਕ ਵੀ ਮੈਚ ਹਾਰੇ ਬਿਨਾਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ ਹੈ। ਭਾਰਤ ਲਈ ਜੀ ਤ੍ਰਿਸ਼ਾ ਨੇ ਸਭ ਤੋਂ ਵੱਧ 33 ਗੇਂਦਾਂ ’ਤੇ ਨਾਬਾਦ 44 ਦੌੜਾਂ, ਜਦਕਿ ਸਾਨਿਕਾ ਚਲਕੇ ਨੇ 22 ਗੇਂਦਾਂ ’ਤੇ ਨਾਬਾਦ 26 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਦੂਜੀ ਵਿਕਟ ਲਈ 48 ਦੌੜਾਂ ਦੀ ਨਾਬਾਦ ਭਾਈਵਾਲੀ ਵੀ ਕੀਤੀ।

ਇਸ ਤੋਂ ਪਹਿਲਾਂ ਤ੍ਰਿਸ਼ਾ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਵੀ ਲਈਆਂ, ਜਿਸ ਬਦੌਲਤ ਦੱਖਣੀ ਅਫਰੀਕਾ ਦੀ ਟੀਮ 82 ਦੌੜਾਂ ’ਤੇ ਹੀ ਆਊਟ ਹੋ ਗਈ। ਤ੍ਰਿਸ਼ਾ ਤੋਂ ਇਲਾਵਾ ਪਰੂਣਿਕਾ ਸਿਸੋਦੀਆ ਨੇ 6 ਦੌੜਾਂ ਦੇ ਕੇ 2 ਵਿਕਟਾਂ, ਆਯੂਸ਼ੀ ਸ਼ੁਕਲਾ ਨੇ 9 ਦੌੜਾਂ ਕੇ 2 ਜਦਕਿ ਵੈਸ਼ਨਵੀ ਸ਼ਰਮਾ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਬਨਮ ਨੇ 7 ਦੌੜਾਂ ਦੇ ਕੇ ਇੱਕ ਵਿਕਟ ਲਈ। ਇਸ ਦੌਰਾਨ ਤ੍ਰਿਸ਼ਾ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ‘ਪਲੇਅਰ ਆਫ ਦਿ ਟੂਰਨਾਮੈਂਟ’ ਐਲਾਨਿਆ ਗਿਆ। ਉਸ ਨੇ ਟੂਰਨਾਮੈਂਟ ਵਿੱਚ 309 ਦੌੜਾਂ ਬਣਾਈਆਂ ਅਤੇ 7 ਵਿਕਟਾਂ ਵੀ ਲਈਆਂ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਵੀ ਉਸੇ ਦੇ ਨਾਮ ਹਨ। ਸਾਨਿਕਾ ਨੇ ਮੈਚ ਜਿੱਤਣ ਮਗਰੋਂ ਕਿਹਾ, ‘ਮੈਂ ਪਿਛਲੇ ਦੋ ਸਾਲਾਂ ਤੋਂ ਇਸ ਪਲ ਦਾ ਸੁਫਨਾ ਦੇਖ ਰਹੀ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੇਤੂ ਚੌਕਾ ਮਾਰਿਆ। ਇਹ ਅਸਲੀਅਤ ਤੋਂ ਪਰੇ ਜਾਪਦਾ ਹੈ। ਇਹ ਇੱਕ ਅਜਿਹਾ ਪਲ ਹੈ, ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗੀ।’ ਜ਼ਿਕਰਯੋਗ ਹੈ ਕਿ ਭਾਰਤ ਨੇ ਸੁਪਰ ਸਿਕਸ ਵਿੱਚ ਬੰਗਲਾਦੇਸ਼ ਅਤੇ ਸਕਾਟਲੈਂਡ ਨੂੰ ਹਰਾਉਣ ਤੋਂ ਪਹਿਲਾਂ ਵੈਸਟਇੰਡੀਜ਼, ਮਲੇਸ਼ੀਆ ਅਤੇ ਸ੍ਰੀਲੰਕਾ ਖ਼ਿਲਾਫ਼ ਗਰੁੱਪ ਗੇੜ ਦੇ ਮੈਚ ਆਸਾਨੀ ਨਾਲ ਜਿੱਤੇ ਸਨ। ਭਾਰਤ ਨੇ ਸੈਮੀਫਾਈਨਲ ਵਿੱਚ ਇੰਗਲੈਂਡ ’ਤੇ ਵੀ ਇੱਕਪਾਸੜ ਜਿੱਤ ਦਰਜ ਕੀਤੀ ਸੀ। -ਪੀਟੀਆਈ
ਬੀਸੀਸੀਆਈ ਵੱਲੋਂ ਪੰਜ ਕਰੋੜ ਰੁਪਏ ਦੇ ਇਨਾਮ ਦਾ ਐਲਾਨ
ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬਯੂਮਾਸ ਓਵਲ ਵਿੱਚ ਅੱਜ ਲਗਾਤਾਰ ਦੂਜੀ ਵਾਰ ਅੰਡਰ-19 ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ਲਈ ਪੰਜ ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਅੰਡਰ-19 ਮਹਿਲਾ ਟੀ20 ਵਿਸ਼ਵ ਕੱਪ 2025 ਜਿੱਤਣ ’ਤੇ ਟੀਮ ਨੂੰ ਵਧਾਈ ਵੀ ਦਿੱਤੀ ਹੈ। -ਆਈਏਐੱਨਐੱਸ