ਮਹਿਲਾ ਤਸਕਰ ਹੈਰਇਨ ਸਮੇਤ ਕਾਬੂ
ਪੱਤਰ ਪ੍ਰੇਰਕ
ਜਲੰਧਰ, 25 ਅਕਤੂਬਰ
ਸਪੈਸ਼ਲ ਟਾਸਕ ਫੋਰਸ ਜਲੰਧਰ ਰੇਂਜ ਦੀ ਟੀਮ ਨੇ ਨਾਕਾਬੰਦੀ ਦੌਰਾਨ ਇਕ ਮਹਿਲਾ ਨਸ਼ਾ ਤਸਕਰ ਨੂੰ ਕਾਬੂ ਕਰ ਕੇ ਉਸ ਕੋਲੋਂ 504 ਗ੍ਰਾਮ ਹੈਰਇਨ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਦੀ ਪਛਾਣ ਕਮਲੇਸ਼ ਕੌਰ ਉਰਫ ਕਮਲੇਸ਼ ਵਾਸੀ ਪਿੰਡ ਲੱਖਣਪਾਲ ਥਾਣਾ ਜਮਸ਼ੇਰ ਜਲੰਧਰ ਵਜੋਂ ਹੋਈ ਹੈ। ਸਹਾਇਕ ਇੰਸਪੈਕਟਰ ਜਨਰਲ ਪੁਲੀਸ, ਸਪੈਸ਼ਲ ਟਾਸਕ ਫੋਰਸ, ਜਲੰਧਰ ਰੇਂਜ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀਐੱਸਪੀ ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਐੱਸਆਈ ਪਰਵੀਨ ਸਿੰਘ ਦੀ ਟੀਮ ਨੇ ਬਿਜਲੀ ਬੋਰਡ ਦੇ ਸਬ ਸਟੇਸ਼ਨ ਸਮਰਾਏ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕ ਪੈਣ ’ਤੇ ਇਕ ਮਹਿਲਾ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਹੱਥ ’ਚ ਫੜੇ ਬੈਗ ’ਚੋਂ ਪੁਲੀਸ ਨੂੰ 504 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਮਹਿਲਾ, ਜਿਸ ਦੀ ਪਛਾਣ ਕਮਲੇਸ਼ ਕੌਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖਿਲਾਫ ਐੱਸਟੀਐੱਫ ਥਾਣਾ ਮੁਹਾਲੀ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਲਈ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ। ਮੁਢਲੀ ਤਫ਼ਤੀਸ਼ ਦੌਰਾਨ ਪਤਾ ਲਗਾ ਹੈ ਕਮਲੇਸ਼ ਰਾਣੀ ਖਿਲਾਫ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਤੇ ਕਤਲ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਉਸ ਦਾ ਪਤੀ ਸੁਰਜੀਤ ਸਿੰਘ ਵੀ ਨਸ਼ਾ ਤਸਕਰੀ ਮਾਮਲੇ ’ਚ ਜੇਲ੍ਹ ’ਚ ਬੰਦ ਹੈ।