ਮਹਿਲਾਵਾਂ ਨੂੰ ਵਿਧਾਨ ਸਭਾ ਵਿੱਚ ਵੱਧ ਟਿਕਟਾਂ ਦਿੱਤੀਆਂ ਜਾਣ: ਰੰਧਾਵਾ
ਪੱਤਰ ਪ੍ਰੇਰਕ
ਪਟਿਆਲਾ 14 ਅਕਤੂਬਰ
ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਮਹਿਲਾ ਕਾਂਗਰਸ ਵੱਲੋਂ ਸੂਬੇ ਵਿੱਚ ਵੱਡੇ ਪੱਧਰ ’ਤੇ ਕਾਂਗਰਸ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਬੀਬੀ ਰੰਧਾਵਾ ਨੇ ਇੰਚਾਰਜ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਟਿਕਟਾਂ ਦੀ ਵੰਡ ਵੇਲੇ ਔਰਤਾਂ ਦਾ ਖ਼ਾਸ ਧਿਆਨ ਰੱਖਦਿਆਂ ਵੱਧ ਟਿਕਟਾਂ ਦਿੱਤੀਆਂ ਜਾਣ। ਇਸ ਸਬੰਧੀ ਸ੍ਰੀ ਯਾਦਵ ਨੇ ਕਿਹਾ ਕਿ ਇਸ ਵਾਰ ਮਹਿਲਾਵਾਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਹਰ ਫ਼ਰੰਟ ’ਤੇ ਕਾਂਗਰਸ ਦਾ ਡਟ ਕੇ ਸਾਥ ਨਿਭਾ ਰਹੀ ਹੈ ਅਤੇ ਸੂਬੇ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਦੀ ਲੜਾਈ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਬੀਬੀ ਰੰਧਾਵਾ ਨੇ ਕਿਹਾ ਪੰਜਾਬ ਮਹਿਲਾ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿੱਚ ਮਹਿਲਾਵਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਟਿਕਟਾਂ ਦਿੱਤੀਆਂ ਜਾਣੀਆਂ ਬਣਦੀਆਂ ਹਨ।