ਔਰਤਾਂ ਨੇ ਪਾਈ ਦਿਲਾਂ ਦੀ ਸਾਂਝ
ਗੁਰਨਾਮ ਕੌਰ
ਕੈਲਗਰੀ: ਕੈਲਗਰੀ ਵੂਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਜ਼ ਸੈਂਟਰ ਵਿੱਚ ਹੋਈ। ਇਹ ਇਸ ਸਾਲ ਦੀ ਦੂਸਰੀ ਮੀਟਿੰਗ ਸੀ। ਇਸ ਵਿੱਚ ਨਵੇਂ ਸਾਲ ਦੇ ਸਬੰਧ ਵਿੱਚ ਭੈਣਾਂ ਨੇ ਗੀਤਾਂ, ਕਵਿਤਾਵਾਂ ਅਤੇ ਆਪਣੇ ਵਿਚਾਰਾਂ ਨਾਲ ਨਵੇਂ ਸਾਲ ਨੂੰ ਜੀ ਆਇਆਂ ਕਿਹਾ। ਮੀਟਿੰਗ ਦਾ ਆਗਾਜ਼ ਸਭਾ ਦੀ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਕੀਤਾ। ਉਨ੍ਹਾਂ ਨੇ ਸਭਾ ਦੇ ਉਦੇਸ਼ਾਂ ਅਤੇ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਮਾਂ-ਬੋਲੀ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ। ਇਸੇ ਦਿਨ ਨਾਲ ਸਬੰਧਤ ਇਤਿਹਾਸਕ ਦੁਖਾਂਤ ‘ਸਾਕਾ ਨਨਕਾਣਾ ਸਾਹਿਬ’ ਦੇ ਸ਼ਹੀਦਾਂ ਦੀ ਯਾਦ ਤਾਜ਼ਾ ਕੀਤੀ ਅਤੇ 14 ਫਰਵਰੀ ਵਾਲੇ ਦਿਨ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ ਇਹ ਸਭਾ ਉਸ ਮੋਢੇ ਵਾਂਗ ਧਰਵਾਸ ਦਿੰਦੀ ਹੈ ਜਿਸ ’ਤੇ ਸਿਰ ਰੱਖ ਕੇ ਆਪਣਾ ਅੰਦਰ ਫਰੋਲਿਆ ਜਾ ਸਕਦਾ ਹੈ। ਕਈ ਭੈਣਾਂ ਨੇ ਇਸ ਗੱਲ ਦੀ ਹਾਮੀ ਭਰੀ ਕਿ ਉਨ੍ਹਾਂ ਨੇ ਇਸ ਸਭਾ ਦੇ ਮੈਂਬਰਾਂ ਨਾਲ ਦੁੱਖ ਸਾਂਝੇ ਕਰਕੇ ਹੌਲੇ ਫੁੱਲ ਹੋ ਕੇ ਕਈ ਮਾਨਸਿਕ ਉਲਝਣਾਂ ਤੋਂ ਛੁਟਕਾਰਾ ਪਾਇਆ ਹੈ। ਨਵੇਂ ਸਾਲ ਵਿੱਚ ਕਈ ਨਵੀਆਂ ਭੈਣਾਂ ਮੈਂਬਰ ਬਣੀਆਂ ਜਿਨ੍ਹਾਂ ਵਿੱਚ ਹਰਪ੍ਰੀਤ ਕੌਰ, ਸੋਨੀ ਮਾਂਗਟ, ਜਤਿੰਦਰ ਕੌਰ ਬੇਦੀ, ਹਰਜੀਤ ਕੌਰ ਵਿਰਦੀ, ਕੁਲਦੀਪ ਕੌਰ ਗਿੱਲ, ਗੁਰਨਾਮ ਕੌਰ, ਬਲਵੀਰ ਕੌਰ ਗਰੇਵਾਲ ਅਤੇ ਗਿਆਨ ਕੌਰ ਸ਼ਾਮਲ ਹਨ। ਸਭ ਤੋਂ ਪਹਿਲਾਂ ਨਵੀਂ ਬਣੀ ਮੈਂਬਰ ਬਲਵੀਰ ਕੌਰ ਗਰੇਵਾਲ ਨੇ 44 ਸਾਲ ਪਹਿਲਾਂ ਕੈਨੇਡਾ ਵਿੱਚ ਪੈਰ ਧਰਨ ਨਾਲ ਹੋਏ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਲੋਕ ਗੀਤ ਸੁਣਾਇਆ। ਅਮਰਪਾਲ ਕੌਰ ਨੇ ਆਪਣੀ ਜਾਣ ਪਛਾਣ ਕਰਵਾਈ।
ਕੁਲਦੀਪ ਕੌਰ ਘਟੌੜਾ ਨੇ ਬਲਵਿੰਦਰ ਬਰਾੜ ਅਤੇ ਗੁਰਚਰਨ ਥਿੰਦ ਦੀ ਲੇਖਣੀ ਬਾਰੇ ਸਾਂਝ ਪਾਈ ਅਤੇ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੁਰਚਰਨ ਥਿੰਦ ਦੀਆਂ ਕਹਾਣੀਆਂ ਦੀ ਸ਼ਲਾਘਾ ਅਤੇ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਰਿਮੀ ਸੇਖੋਂ ਨੇ ‘ਦਿ ਈਸੈਂਸ ਆਫ ਇੰਡੀਆ’ ਨਾਂ ਦੇ ਪ੍ਰੋਗਰਾਮ ਹੇਠ ਭਾਰਤ ਦੇ ਵਿਰਾਸਤੀ ਸੱਭਿਆਚਾਰਕ ਗੀਤਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਇਸ ਵਿੱਚ ਸਭਾ ਦੀਆਂ ਮੈਂਬਰਾਂ ਸੁਰਿੰਦਰ ਸੰਧੂ, ਅਮਰਜੀਤ ਸੱਗੂ, ਅਮਰਜੀਤ ਗਰੇਵਾਲ, ਜੋਗਿੰਦਰ ਪੁਰਬਾ ਅਤੇ ਅਮਰਜੀਤ ਵਿਰਦੀ ਨੇ ਭਾਗ ਲਿਆ ਸੀ। ਅੱਜ ਰਿਮੀ ਸੇਖੋਂ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ।
ਸੁਰਿੰਦਰ ਸੰਧੂ, ਅਮਰਜੀਤ ਵਿਰਦੀ ਤੇ ਸਰਬਜੀਤ ਉੱਪਲ ਨੇ ਲੋਕ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸ਼ਰਨਜੀਤ ਕੌਰ ਅਤੇ ਗਿਆਨ ਕੌਰ ਨੇ ਬੋਲੀਆਂ ਪਾ ਕੇ ਕੁਝ ਦੇਰ ਲਈ ਨੱਚਣ ਦੀ ਮਹਿਫ਼ਲ ਸਜਾ ਦਿੱਤੀ। ਗੁਰਦੀਸ਼ ਕੌਰ ਗਰੇਵਾਲ ਨੇ ਬਸੰਤ ਰੁੱਤ ਅਤੇ ਵੈਲੇਨਟਾਈਨ ਡੇ ਬਾਰੇ ਆਪਣੀਆਂ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ। ਜੋਗਿੰਦਰ ਪੁਰਬਾ ਨੇ ਆਪ ਬੀਤੀ ਦੱਸੀ ਕਿ ਕਈ ਨੀਮ-ਹਕੀਮ ਬਿਨਾਂ ਜਾਂਚ ਕੀਤੇ ਦਵਾਈ ਦੇ ਦਿੰਦੇ ਹਨ, ਜਿਸਦਾ ਖਮਿਆਜ਼ਾ ਮਰੀਜ਼ ਨੂੰ ਭੁਗਤਣਾ ਪੈਂਦਾ ਹੈ।
ਅੰਤ ਵਿੱਚ ਗੁਰਚਰਨ ਥਿੰਦ ਨੇ ਜਾਣਕਾਰੀ ਸਾਂਝੀ ਕੀਤੀ ਕਿ ਕੈਲਗਰੀ ਵੂਮੈੱਨ ਕਲਚਰਲ ਐਸੋਸੀਏਸ਼ਨ ਨੌਜੁਆਨ ਵਰਗ ਨੂੰ ਆਪਣੀ ਸਭਾ ਰਾਹੀਂ ਆਪਣੀ ਕਮਿਊਨਿਟੀ ਨਾਲ ਜੋੜਨ ਹਿੱਤ ‘ਯੂਥ ਸਪੀਕਸ’ ਨਾਂ ਦਾ ਗਰੁੱਪ ਸਥਾਪਤ ਕਰ ਰਹੀ ਹੈ। ਉਨ੍ਹਾਂ ਸਭ ਨੂੰ ਆਪਣੇ ਪਰਿਵਾਰ ਦੇ ਨੌਜੁਆਨ ਬੱਚਿਆਂ ਨੂੰ ਇਸ ਗਰੁੱਪ ਵਿੱਚ ਸ਼ਾਮਲ ਕਰਾਉਣ ਦੀ ਤਾਕੀਦ ਕੀਤੀ।
ਸੰਪਰਕ: 403-402-9635