ਕੈਨੇਡਾ ਵਿੱਚ ਔਰਤ ਸ਼ਕਤੀਕਰਨ ਭਾਰਤ ਲਈ ਸਬਕ
ਕੈਨੇਡਾ ਆਰਥਿਕ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਕੁਦਰਤੀ ਵਾਤਾਵਰਨ ਦੇ ਨਾਲ-ਨਾਲ ਇਥੋਂ ਦਾ ਸਮਾਜਿਕ ਵਾਤਾਵਰਨ ਵੀ ਸੁਖਾਵਾਂ ਅਤੇ ਰਹਿਣ ਯੋਗ ਹੈ। ਕਿਸੇ ਦੇਸ਼ ਦੇ ਆਰਥਿਕ ਜਾਂ ਸਮਾਜਿਕ ਵਿਕਾਸ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਦੇਖਿਆ ਜਾਂਦਾ ਹੈ ਕਿ ਉਸ ਦੇਸ਼ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਲਈ ਕਿੰਨਾ ਕੁ ਸਤਿਕਾਰ ਤੇ ਪਿਆਰ ਹੈ। ਔਰਤਾਂ, ਧੀਆਂ ਭੈਣਾਂ ਪ੍ਰਤੀ ਕੀ ਨਜ਼ਰੀਆ ਹੈ, ਉਨ੍ਹਾਂ ਦਾ ਦਰਜਾ ਕੀ ਹੈ? ਵਰਲਡ ਇਕਨਾਮਿਕ ਫੋਰਮ ਦੁਆਰਾ ਹਾਲ ਹੀ ਵਿੱਚ ਜਾਰੀ ਗਲੋਬਲ ਜੈਂਡਰ ਗੈਪ ਰਿਪੋਰਟ-2024 ਅਨੁਸਾਰ ਦੁਨੀਆ ਦੇ 146 ਦੇਸ਼ਾਂ ਵਿਚੋਂ ਕੈਨੇਡਾ 36ਵੇਂ ਸਥਾਨ ’ਤੇ ਹੈ। ਭਾਰਤ ਦਾ 129ਵਾਂ ਸਥਾਨ ਹੈ। ਉਹ ਕਿਹੜੇ ਪੱਖ ਹਨ ਜਿਨ੍ਹਾਂ ਕਰ ਕੇ ਕੈਨੇਡਾ ਦੀ ਸਥਿਤੀ ਭਾਰਤ ਦੇ ਮੁਕਾਬਲੇ ਇਤਨੀ ਵਧੀਆ ਹੈ? ਕੈਨੇਡਾ ਦੀ ਧਰਤੀ ’ਤੇ ਔਰਤ ਖ਼ੁਦ ਨੂੰ ਵਧੇਰੇ ਸੁੱਰਖਿਅਤ ਅਤੇ ਆਰਥਿਕ ਤੌਰ ’ਤੇ ਸ਼ਕਤੀਸ਼ਾਲੀ ਕਿਉਂ ਮਹਿਸੂਸ ਕਰਦੀ ਹੈ?
ਜਦੋਂ ਔਰਤ ਨੂੰ ਆਪਣੀ ਕਾਬਲੀਅਤ ਅਤੇ ਕੰਮ ਕਰਨ ਦੀ ਸਮਰੱਥਾ ਦਾ ਗਿਆਨ ਹੋਣਾ ਲਗਦਾ ਹੈ, ਉਹ ਆਪਣੇ ਅਤੇ ਆਸ ਪਾਸ ਦੇ ਫੈਸਲੇ ਕਰਨ ਦੇ ਅਧਿਕਾਰ ਦੀ ਵਰਤੋਂ ਕਰਨ ਲਗਦੀ ਹੈ। ਕੁਦਰਤੀ ਅਤੇ ਹੋਰ ਸਾਧਨਾਂ ਲਈ ਉਸ ਦੀ ਪਹੁੰਚ ਹੁੰਦੀ ਹੈ, ਅਰਥ ਵਿਵਸਥਾ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਦੀ ਵਰਤੋਂ ਕਰਦੀ ਆਪਣੀ ਸਿਆਣਪ ਨਾਲ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੁੰਦੀ ਹੈ ਤਾਂ ਉਸ ਸਥਿਤੀ ਵਿੱਚ ਔਰਤ ਦਾ ਸ਼ਕਤੀਕਰਨ ਹੁੰਦਾ ਹੈ। ਇਸ ਦੇ ਨਾਲ ਹੀ ਜਦੋਂ ਆਰਥਿਕ ਸਾਧਨਾਂ ਦੇ ਨਾਲ-ਨਾਲ ਭੌਤਿਕ ਅਤੇ ਕੁਦਰਤੀ ਸਾਧਨਾਂ ਉਪਰ ਆਪਣੇ ਮਰਦ ਸਾਥੀਆਂ ਦੀ ਤਰਜ਼ ’ਤੇ ਬਰਾਬਰ ਦੀ ਪਹੁੰਚ ਹੁੰਦੀ ਹੈ ਤਾਂ ਔਰਤ ਦਾ ਆਰਥਿਕ ਸ਼ਕਤੀਕਰਨ ਵੀ ਹੁੰਦਾ ਹੈ। ਇਹ ਬਹੁ-ਪੱਖੀ ਅਤੇ ਬਹੁ-ਪਰਤੀ ਸਮਾਜਿਕ ਪ੍ਰਕਿਰਿਆ ਹੈ ਜਿਸ ਵਿੱਚੋਂ ਹਰ ਵਿਕਾਸਸ਼ੀਲ ਸਮਾਜ ਜਾਂ ਦੇਸ਼ ਲੰਘਣ ਲਈ ਯਤਨਸ਼ੀਲ ਹੈ। ਆਰਥਿਕ ਤੌਰ ’ਤੇ ਆਤਮ-ਨਿਰਭਰ ਔਰਤ ਆਪਣੇ ਫ਼ੈਸਲੇ ਆਪ ਕਰਨ ਦੇ ਸਮਰੱਥ ਹੁੰਦੀ ਹੈ। ਉਹ ਰਾਜਨੀਤਕ ਫ਼ੈਸਲਿਆਂ ਵਿੱਚ ਹਿੱਸੇਦਾਰ ਹੁੰਦੀ ਹੈ, ਸਿੱਖਿਆ ਪ੍ਰਾਪਤੀ ਅਤੇ ਸਿਹਤ ਤੇ ਹੋਰ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਨਾ ਕੇਵਲ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਉਂਦੀ ਹੈ ਸਗੋਂ ਦੇਸ਼ ਦੇ ਵਿਕਾਸ ਵਿੱਚ ਵੀ ਚੋਖਾ ਯੋਗਦਾਨ ਪਾਉਂਦੀ ਹੈ ਪਰ ਅਜੋਕੇ ਮਰਦ ਪ੍ਰਧਾਨ ਸਮਾਜ ਵਿੱਚ ਆਲਮੀ ਪੱਧਰ ’ਤੇ ਮਰਦ ਔਰਤ ਨਾ-ਬਰਾਬਰੀ, ਔਰਤਾਂ ਪ੍ਰਤੀ ਪੱਖਪਾਤੀ ਰਵੱਈਆ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ, ਕੁਲ ਪ੍ਰਾਪਤ ਆਮਦਨ ਜਾਂ ਕਮਾਈ ਦੇ ਅੰਦਾਜ਼ੇ, ਇੱਕੋ ਜਿਹੇ ਕੰਮ ਬਦਲੇ ਅਦਾਇਗੀ ਵਖਰੇਵਾਂ, ਕੰਪਨੀਆਂ ਦੇ ਮੈਨੇਜਰ, ਸੀਨੀਅਰ ਮੈਨੇਜਰ ਜਾਂ ਹੋਰ ਉੱਚ ਅਹੁਦਿਆਂ ਦੀ ਪ੍ਰਾਪਤੀ, ਪ੍ਰੋਫੈਸ਼ਨਲ ਤੇ ਤਕਨੀਕੀ ਵਰਕਰਾਂ ਦੀ ਗਿਣਤੀ ਵਿੱਚ ਹਿੱਸੇਦਾਰੀ ਆਦਿ ਕੁਝ ਨੁਕਤੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਔਰਤਾਂ ਦੇ ਆਰਥਿਕ ਪੱਖੋਂ ਸ਼ਕਤੀਕਰਨ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਕੌਮਾਂਤਰੀ ਮਜ਼ਦੂਰ ਸੰਗਠਨ (ਆਈਐੱਲਓ) ਅਨੁਸਾਰ, 2022 ਵਿੱਚ ਵਿਸ਼ਵ ਪੱਧਰ ’ਤੇ 90.6% ਮਰਦਾਂ ਦੇ ਮੁਕਾਬਲੇ 61.4% ਔਰਤਾਂ ਕੰਮ ਕਾਜੀ ਸਨ। ਕੈਨੇਡਾ ਦੇ ਲੇਬਰ ਫੋਰਸ ਸਰਵੇ-2021 ਅਨੁਸਾਰ, ਰੁਜ਼ਗਾਰ ਵਿੱਚ ਔਰਤਾਂ ਦੀ ਸ਼ਮੂਲੀਅਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 2001 ਵਿਚ ਕੁੱਲ ਔਰਤਾਂ ਦਾ ਲਗਭਗ 80% ਸੀ ਜਿਹੜਾ 2011 ਵਿੱਚ ਵੱਧ ਕੇ 82%ਅਤੇ 2021 ਵਿੱਚ 84%ਦੇ ਕਰੀਬ ਹੋ ਗਿਆ ਹੈ। ਰੁਜ਼ਗਾਰ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਣ ਦਾ ਮੁੱਖ ਕਾਰਨ ਔਰਤਾਂ ਦਾ ਸਿੱਖਿਅਤ ਹੋਣਾ ਹੈ।
ਸਾਖਰਤਾ ਦਰ ਦੇ ਲਿਹਾਜ਼ ਨਾਲ ਕੈਨੇਡਾ ਨੰਬਰ ਇੱਕ ’ਤੇ ਹੈ। ਇਹੀ ਨਹੀਂ, ਕਈ ਖੇਤਰਾਂ ਵਿਚ ਔਰਤਾਂ ਦੀ ਸ਼ਮੂਲੀਅਤ ਮਰਦਾਂ ਦੇ ਮੁਕਾਬਲੇ ਵਧੀਆ ਹੈ ਜਿਵੇਂ ਸਿਹਤ ਤੇ ਸਬੰਧਿਤ ਖੇਤਰ, ਸਿੱਖਿਆ, ਸਮਾਜ ਵਿਗਿਆਨ, ਹਿਉਮੈਨਿਟੀ, ਬਾਇਓਲੋਜੀ ਆਦਿ। ਔਰਤਾਂ ਭਾਵੇਂ ਸਾਇੰਸ, ਤਕਨੀਕ, ਇੰਜਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਨੂੰ ਮਰਦਾਂ ਦੇ ਮੁਕਾਬਲੇ ਘਟ ਤਰਜੀਹ ਦਿੰਦੀਆਂ ਹਨ। ਫਿਰ ਵੀ ਟਰਸ਼ਰੀ ਅਤੇ ਕਿੱਤਾ ਮੁਖੀ ਸਿੱਖਿਆ ਵੱਲ ਰੁਝਾਨ ਵਧ ਰਿਹਾ ਹੈ। ਆਧੁਨਿਕ ਤਕਨੀਕੀ ਯੁੱਗ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਹਨ। ਸਿੱਖਿਆ ਪ੍ਰਾਪਤੀ ਦੇ ਆਧਾਰ ’ਤੇ ਹੀ 36-37% ਔਰਤਾਂ ਮੱਧ ਅਤੇ ਸੀਨੀਅਰ ਮੈਨੇਜਰ ਦੇ ਅਹੁਦਿਆਂ ਤਕ ਪਹੁੰਚ ਰਹੀਆਂ ਹਨ। ਕੈਨੇਡਾ ਵਿੱਚ ਉਚੇਰੀ ਸਿੱਖਿਆ ਪ੍ਰਾਪਤੀ ਵਿੱਚ ਵੀ ਨਾ-ਬਰਾਬਰੀ ਵਾਲਾ ਪਾੜਾ ਤੇਜ਼ੀ ਨਾਲ ਘਟ ਰਿਹਾ ਹੈ। ਯੂਨੀਵਰਸਿਟੀ ਪੱਧਰ ਦੀ ਡਿਗਰੀ ਪ੍ਰਾਪਤ ਔਰਤਾਂ ਦੀ ਤਕਨੀਕੀ ਅਤੇ ਵਿਦਿਅਕ ਖੇਤਰ ਦੇ ਕੰਮ ਵਿੱਚ ਸ਼ਮੂਲੀਅਤ ਵਧੇਰੇ ਹੋਣ ਕਾਰਨ ਨਾ-ਬਰਾਬਰੀ ਦਾ ਪਾੜਾ ਕੇਵਲ 6% ਹੈ। ਇਸ ਪ੍ਰਕਾਰ ਸਿਖਿਆ ਪ੍ਰਾਪਤੀ ਅਤੇ ਰੁਜ਼ਗਾਰ ਵਿੱਚ ਸ਼ਮੂਲੀਅਤ ਦਾ ਸਿੱਧਾ ਸਬੰਧ ਹੈ।
ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਕੰਮ ਦੇ ਢੰਗ-ਤਰੀਕੇ ਅਤੇ ਤਰਤੀਬ ਵਿੱਚ ਤਬਦੀਲੀ ਆਈ ਹੈ। ਘਰੋਂ ਕੰਮ ਕਰਨਾ, ਮਰਜ਼ੀ ਦੀ ਸ਼ਿਫਟ ਜਾਂ ਦਫਤਰ ਦੀ ਬਰਾਂਚ ਆਦਿ ਬਾਰੇ ਆਪਣੀ ਸਹੂਲਤ ਅਨੁਸਾਰ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਮਰਦਾਂ ਦੇ ਮੁਕਾਬਲੇ ਔਰਤਾਂ ਪਾਰਟ ਟਾਈਮ ਕੰਮ ਨੂੰ ਤਰਜੀਹ ਦੇਣ ਲੱਗੀਆਂ ਹਨ। ਇਹ 15-54 ਸਾਲ ਉਮਰ ਵਰਗ ਦੀਆਂ ਹਨ। ਇਨ੍ਹਾਂ ਔਰਤਾਂ ਦੀ ਸਹੂਲਤ ਵਾਸਤੇ ਸਰਕਾਰ ਨੇ ਖਾਸ ਪ੍ਰੋਗਰਾਮ ਉਲੀਕੇ ਹਨ ਜਿਸ ਨੂੰ ਫੈਮਿਲੀ ਫਰੈਂਡਲੀ ਪਾਲਿਸੀਆਂ ਕਿਹਾ ਜਾਂਦਾ ਹੈ। 15 ਮਹੀਨਿਆਂ ਤੋਂ ਛੋਟੇ ਬੱਚਿਆਂ ਨੂੰ ਮਾਵਾਂ ਹੀ ਸੰਭਾਲਦੀਆਂ ਹਨ। ਉਸ ਤੋਂ ਬਾਅਦ ਪ੍ਰੀ-ਸਕੂਲ ਦੀ ਸਹੂਲਤ ਤਹਿਤ ਤੁਸੀਂ ਬੱਚੇ ਨੂੰ ਉਥੇ ਛੱਡ ਕੇ ਕੰਮ ’ਤੇ ਜਾ ਸਕਦੇ ਹੋ। ਸਕੂਲ ਤੋਂ ਬਾਅਦ ਵੀ ਕੰਮ ਵਾਲੀਆਂ ਮਾਵਾਂ ਦੇ ਸਕੂਲ ਜਾਂਦੇ ਬੱਚਿਆਂ ਨੂੰ ਸੰਭਾਲਣ ਦਾ ਇੰਤਜ਼ਾਮ ਹੈ। ਜ਼ਰੂਰਤਮੰਦ ਮਾਵਾਂ ਨੂੰ ਬੱਚਿਆਂ ਦੀ ਸਾਂਭ-ਸੰਭਾਲ ਲਈ ਪ੍ਰਤੀ ਬੱਚਾ ਭੱਤੇ ਦਾ ਪ੍ਰਬੰਧ ਹੈ। ਜਣੇਪਾ ਛੁੱਟੀ ਲੈਣ ਕਾਰਨ ਭਾਵੇਂ ਔਰਤਾਂ ਦੀ ਕਮਾਈ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ ਪਰ ਇਸ ਨੂੰ ਪੂਰਿਆਂ ਕਰਨ ਲਈ ਵੀ ਮਾਂ ਜਾਂ ਪਿਤਾ ਜਿਸ ਦੀ ਵੀ ਤਨਖਾਹ ਮੁਕਾਬਲਤਨ ਘਟ ਹੈ, ਉਹ ਛੁੱਟੀ ਲੈਣ ਦੀ ਚੋਣ ਕਰ ਸਕਦਾ ਹੈ। ਇਨ੍ਹਾਂ ਸਹੂਲਤਾਂ ਕਾਰਨ ਹੀ ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ ਵਧ ਰਹੀ ਹੈ।
ਦੱਖਣ ਪੂਰਬੀ ਦੇਸ਼ਾਂ ਖਾਸ ਤੌਰ ’ਤੇ ਭਾਰਤ ਤੋਂ ਪਰਵਾਸ ਕਰਨ ਵਾਲੇ ਬੱਚਿਆਂ ਦੀ ਪਹਿਲੀ ਤਰਜੀਹ ਕੈਨੇਡਾ ਹੈ। ਲੋੜੀਂਦੀ ਸਿਖਲਾਈ ਅਤੇ ਸਿੱਖਿਆ ਪ੍ਰਾਪਤੀ ਦੌਰਾਨ/ਉਪਰੰਤ ਉਨ੍ਹਾਂ ਨੂੰ ਕੰਮ ਦੀ ਇਜਾਜ਼ਤ ਮਿਲ ਜਾਂਦੀ ਹੈ। ਇਹ ਇਸ ਗੱਲ ਉਪਰ ਵੀ ਨਿਰਭਰ ਕਰਦਾ ਹੈ ਕਿ ਉਹ ਕੈਨੇਡਾ ਦੀ ਧਰਤੀ ’ਤੇ ਕਿੰਨੀ ਦੇਰ ਤੋਂ ਹਨ। ਕੈਨੇਡਾ ਦੇ ਵਸਨੀਕ ਬਣ ਚੁੱਕੇ ਪਰਵਾਸੀਆਂ/ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਲਈ ਕੋਈ ਅੜਿੱਕਾ ਨਹੀਂ। ਕੈਨੇਡਾ ਦੇ ਸਟੈਟਿਸਟਿਕਸ ਲੇਬਰ ਫੋਰਸ ਸਰਵੇ-2023 ਮੁਤਾਬਿਕ, 10 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਤੋਂ ਉਥੇ ਰਹਿ ਰਹੀਆਂ ਔਰਤਾਂ ਦੀ ਰੁਜ਼ਗਾਰ ਵਿੱਚ ਸ਼ਮੂਲੀਅਤ 83-84% ਦੇ ਲਗਭਗ ਹੈ। 80% ਉਹ ਔਰਤਾਂ ਹਨ ਜਿਨ੍ਹਾਂ ਨੂੰ ਕੈਨੇਡਾ ਵਿੱਚ ਰਹਿੰਦੇ ਹੋਏ 5 ਤੋਂ 10 ਸਾਲ ਹੋ ਗਏ ਹਨ।
ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਮਰਦ ਔਰਤ ਦੀ ਕਮਾਈ ਜਾਂ ਆਮਦਨ ਵਿੱਚ ਅੰਤਰ ਹੈ। ਇਸ ਦਾ ਮੁੱਖ ਕਾਰਨ ਹੈ- ਔਰਤਾਂ ਆਮ ਤੌਰ ’ਤੇ ਉਸ ਕੰਮ ਜਾਂ ਰੁਜ਼ਗਾਰ ਨੂੰ ਤਰਜੀਹ ਦਿੰਦੀਆਂ ਹਨ ਜਿਸ ਵਿਚਲੀਆਂ ਡਿਊਟੀਆਂ ਨੂੰ ਨਿਭਾਉਂਦੇ ਵਕਤ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਬਹੁਤਾ ਸਮਝੌਤਾ ਨਾ ਕਰਨਾ ਪਵੇ। ਔਰਤਾਂ ਦੇ ਕੰਮ ਕਰਨ ਵਿੱਚ ਮੁੱਖ ਚੁਣੌਤੀ ਵੀ ਇਹੀ ਹੈ ਕਿ ਉਸ ਨੂੰ ਘਰੇਲੂ, ਪਰਿਵਾਰਕ ਅਤੇ ਬਾਹਰ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਈ ਰੱਖਣਾ ਹੁੰਦਾ ਹੈ। ਪਾਰਟ ਟਾਈਮ ਕੰਮ ਦੀ ਚੋਣ ਇਸੇ ਮਜਬੂਰੀ ਵੱਸ ਹੈ। ਦੂਜਾ ਵੱਡਾ ਕਾਰਨ ਹੈ- ਕਿੱਤਾ ਤੇ ਖਿੱਤਾ। ਭਵਨ ਨਿਰਮਾਣ ਅਤੇ ਉਦਯੋਗ ਵਿੱਚ 14% ਮਰਦਾਂ ਦੇ ਮੁਕਾਬਲੇ ਕੇਵਲ 3% ਔਰਤਾਂ ਹਨ ਜਿਥੇ ਪ੍ਰਤੀ ਘੰਟਾ ਉਜਰਤ 33-34 ਡਾਲਰ ਹੈ। ਦੂਜੇ ਪਾਸੇ ਸਿਹਤ ਸੇਵਾਵਾਂ, ਮੁੱਖ ਡੈਸਕ ’ਤੇ ਬੈਠਣਾ ਜਾਂ ਰਿਸੈਪਸ਼ਨਿਸਟ ਦਾ ਕੰਮ ਅਤੇ ਹੋਰ ਸਮਾਜਿਕ ਸੇਵਾਵਾਂ (ਬਜ਼ੁਰਗਾਂ ਦੀ ਦੇਖਭਾਲ, ਸਾਫ ਸਫਾਈ ਦਾ ਕੰਮ ਆਦਿ) ਇਨ੍ਹਾਂ ਕਿੱਤਿਆਂ ਵਿੱਚ 14% ਔਰਤਾਂ ਦੇ ਮੁਕਾਬਲੇ ਕੇਵਲ 2% ਮਰਦ ਸਨ। ਇਥੇ ਪ੍ਰਤੀ ਘੰਟਾ ਉਜਰਤ 24-25 ਡਾਲਰ ਹੈ; ਅਰਥਾਤ ਵਧੇਰੇ ਆਮਦਨ ਜਾਂ ਕਮਾਈ ਵਾਲੇ ਕਿੱਤਿਆਂ ਵਿੱਚ ਮਰਦਾਂ ਦਾ ਅਨੁਪਾਤ ਵਧੇਰੇ ਹੈ। ਇੱਕ ਹੀ ਸਥਾਨ ’ਤੇ ਬਰਾਬਰ ਦਾ ਕੰਮ ਕਰਨ ’ਤੇ ਵੀ ਉਜਰਤ ਵਖਰੇਵਾਂ ਹੈ। ਆਮ ਤੌਰ ’ਤੇ ਇੰਟਰਵਿਊ ਵੇਲੇ ਔਰਤਾਂ ਨੂੰ ਪੇਸ਼ਕਸ਼ ਕੀਤੀ ਜਾਣ ਵਾਲੀ ਅਦਾਇਗੀ ਤੋਂ ਵੱਧ ਬਾਰੇ ਉਹ ਗੱਲ ਨਹੀਂ ਕਰਦੀਆਂ। ਨਿੱਜੀਕਰਨ ਅਤੇ ਕਾਰਪੋਰੇਟਾਈਜੇਸ਼ਨ ਦਾ ਪ੍ਰਭਾਵ ਹਰ ਥਾਂ ਹੈ। ਇਹੀ ਕਾਰਨ ਹੈ ਕਿ ਔਰਤਾਂ ਹੁਣ ਆਪਣੇ ਨਿਜੀ ਕੰਮ ਵੀ ਸ਼ੁਰੂ ਕਰ ਰਹੀਆਂ ਹਨ। ਉਹ ਉੱਦਮੀ ਬਣ ਰਹੀਆਂ ਹਨ ਅਤੇ ਲੇਬਰ ਰੱਖ ਕੇ ਕੰਮ ਕਰਵਾ ਰਹੀਆਂ ਹਨ। ਇਹ ਸਵੈ-ਰੁਜ਼ਗਾਰ ਹੈ। ਕੈਨੇਡਾ ਵਿੱਚ ਇਸ ਵੇਲੇ ਲਗਭਗ 18% ਤੋਂ ਵਧੇਰੇ ਔਰਤਾਂ ਸਵੈ-ਰੁਜ਼ਗਾਰ ਵਿੱਚ ਹਨ। ਉੱਦਮੀ ਔਰਤ ਵਧੇਰੇ ਕਰ ਕੇ ਛੋਟੇ ਅਤੇ ਮੱਧ ਦਰਜੇ ਦੇ ਕਾਰੋਬਾਰ ਵਿੱਚ ਹਨ।
ਔਰਤ ਦਾ ਰੁਜ਼ਗਾਰ ਵਿੱਚ ਹੋਣਾ ਨਾ ਕੇਵਲ ਆਪਣੇ ਪਰਿਵਾਰ ਲਈ ਸਗੋਂ ਸਮੁੱਚੇ ਸਮਾਜ ਤੇ ਦੇਸ਼ ਲਈ ਲਾਹੇਵੰਦ ਹੈ। ਆਮ ਤੌਰ ’ਤੇ ਔਰਤ ਆਪਣੀ ਕਮਾਈ ਦਾ ਬਹੁਤਾ ਹਿੱਸਾ ਬੱਚਿਆਂ ਦੀ ਦੇਖਭਾਲ ਤੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਉੱਪਰ ਖਰਚ ਕਰਦੀ ਹੈ। ਇੱਕ ਪੜ੍ਹੀ ਲਿਖੀ ਅਤੇ ਕੰਮ ਕਾਜੀ ਔਰਤ ਦਾ ਕੰਮ ਪ੍ਰਤੀ ਰਵੱਈਆ ਸਾਕਾਰਾਤਮਕ ਹੁੰਦਾ ਹੈ। ਉਸ ਦੀ ਕੰਮ ਕਰਨ ਦੀ ਸ਼ਕਤੀ, ਕਾਰਜ ਕੁਸ਼ਲਤਾ ਅਤੇ ਉਤਪਾਦਕਤਾ ਵਧੇਰੇ ਹੁੰਦੀ ਹੈ ਜਿਸ ਦਾ ਸਮੁੱਚੇ ਦੇਸ਼ ਅਤੇ ਕੌਮ ਨੂੰ ਲਾਭ ਹੁੰਦਾ ਹੈ। ਔਰਤ ਦੀ ਪਰਿਵਾਰ, ਸਮਾਜ ਅਤੇ ਸਮੁੱਚੀ ਕੌਮ ਦੀ ਦੇਣ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੈਨੇਡਾ ਦੀ ਫੈਡਰਲ ਸਰਕਾਰ ਨੇ 2021 ਦੀਆਂ ਚੋਣਾਂ ਤੋਂ ਬਾਅਦ ਔਰਤ ਲਈ ਕੁਝ ਠੋਸ ਕਦਮ ਚੁੱਕੇ ਹਨ। ਸਭ ਤੋਂ ਪਹਿਲਾ ਹੈ ਔਰਤ ਭਲਾਈ ਨਾਲ ਸਬੰਧਿਤ ਹਰ ਪ੍ਰਕਾਰ ਦੀ ਜਾਣਕਾਰੀ ਇਕੱਠੀ ਕਰਨਾ, ਜਣੇਪਾ ਛੁੱਟੀ ਵਿੱਚ ਹੋਰ ਸਹੂਲਤਾਂ ਸ਼ਾਮਲ ਕਰਨਾ ਅਤੇ ਉਨ੍ਹਾਂ ਗੈਰ-ਸਰਕਾਰੀ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਾ ਜਿਹੜੀਆਂ ਲਿੰਗਕ, ਵੰਨ-ਸਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਦੇ ਕਾਰਜ ਲਈ ਯਤਨਸ਼ੀਲ ਹਨ। ਸਰਕਾਰ ਨੇ ਜੈਂਡਰ ਬਜਟਿੰਗ ਐਕਟ ਬਣਾਇਆ ਹੈ ਜਿਹੜਾ ਬਜਟ ਨੂੰ ਔਰਤ ਦੇ ਨਜ਼ਰੀਏ ਤੋਂ ਵਾਚਦਿਆਂ ਔਰਤ ਪੱਖੀ ਨੀਤੀਆਂ ਅਤੇ ਪ੍ਰੋਗਰਾਮ ਲਾਗੂ ਕਰਵਾਉਣ ਵਿੱਚ ਸਹਾਈ ਹੋਵੇਗਾ।
ਔਰਤ ਦਾ ਸਿੱਖਿਅਤ ਅਤੇ ਸਵੈ-ਨਿਰਭਰ ਹੋਣਾ ਮਹੱਤਵਪੂਰਨ ਹੈ ਜਿਹੜਾ ਕਿਸੇ ਵੀ ਕੌਮ ਲਈ ਵੱਡਾ ਮਨੁੱਖੀ ਸਰਮਾਇਆ ਹੈ ਪਰ ਮਰਦ ਔਰਤ ਵਿਚਾਲੇ ਨਾ-ਬਰਾਬਰੀ ਦਾ ਪਾੜਾ ਅਜੇ ਵੀ ਆਲਮੀ ਪੱਧਰ ’ਤੇ ਮੌਜੂਦ ਹੈ। ਕੈਨੇਡਾ ਸਮੇਤ ਹੋਰ ਵਿਕਸਤ ਮੁਲਕ ਇਹ ਪਾੜਾ ਘਟਾਉਣ ਵਿੱਚ ਕਾਮਯਾਬ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ਦੇ ਤਜਰਬਿਆਂ ਤੋਂ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਪਰ ਆਧੁਨਿਕਤਾ ਦੇ ਓਹਲੇ ਵਿੱਚ ਕੁਝ ਗ਼ਲਤ ਰੁਝਾਨਾਂ ਬਾਰੇ ਸੁਚੇਤ ਵੀ ਹੋਣਾ ਪਵੇਗਾ। ਪੱਛਮੀ ਦੇਸ਼ਾਂ ਦੀ ਨਵੀਂ ਪੀੜ੍ਹੀ ਦੇ ਸਮਾਜਿਕ ਵਰਤਾਰੇ ‘ਮੈਨੂੰ ਕੋਈ ਪ੍ਰਵਾਹ ਨਹੀਂ’ ਅਤੇ ‘ਮੈਂ ਆਪਣੇ ਜਿ਼ੰਦਗੀ ਆਪਣੀ ਮਰਜ਼ੀ ਨਾਲ ਜਿਊਣੀ ਹੈ’ ਆਦਿ ਦੇ ਪਰਿਵਾਰਕ ਰਿਸ਼ਤਿਆਂ ਦੀ ਸੰਜੀਦਗੀ ਉੱਪਰ ਉਲਟੇ ਪ੍ਰਭਾਵ ਵੀ ਪੈ ਰਹੇ ਹਨ। ਆਰਥਿਕ ਤੌਰ ’ਤੇ ਮਜ਼ਬੂਤ ਹੋ ਰਹੀਆਂ ਕੁਝ ਕੁੜੀਆਂ ਇਸ ਤਾਕਤ ਦਾ ਨਾਜਾਇਜ਼ ਫਾਇਦਾ ਉਠਾਉਂਦੀਆਂ ਹਨ। ਉਹ ਭੁੱਲ ਜਾਂਦੀਆਂ ਹਨ ਕਿ ਮਰਦ ਔਰਤ, ਵਿਅਕਤੀ ਤੌਰ ’ਤੇ ਬਰਾਬਰ ਤਾਂ ਹੋ ਸਕਦੇ ਹਨ, ਸਮਾਨ ਨਹੀਂ। ਜਾਗਰੂਕ ਤੇ ਚੇਤੰਨ ਜਥੇਬੰਦੀਆਂ ਨੂੰ ਸਪੱਸ਼ਟ ਆਵਾਜ਼ ਵਿੱਚ ਕਹਿਣਾ ਚਾਹੀਦਾ ਹੈ ਕਿ ਮਰਦ ਔਰਤ ਇੱਕ ਦੂਜੇ ਦੇ ਪੂਰਕ ਹਨ, ਵਿਰੋਧੀ ਧਿਰ ਨਹੀਂ। ਆਪਣੀਆਂ ਸਕਾਰਾਤਾਮਕ ਰਵਾਇਤਾਂ ਨੂੰ ਬਰਕਰਾਰ ਰੱਖਦੇ ਹੋਏ ਅਗਾਂਹ ਵਧਣਾ ਚਾਹੀਦਾ ਹੈ।
*ਪ੍ਰੋਫੈਸਰ (ਰਿਟਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98551-22857