ਅਰਥਚਾਰੇ ’ਚ ਵੱਡਾ ਯੋਗਦਾਨ ਪਾ ਸਕਦੀਆਂ ਨੇ ਔਰਤਾਂ: ਮੁਰਮੂ
ਚੇਨੱਈ, 6 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਸਿੱਖਿਅਤ ਔਰਤਾਂ ਨਾ ਸਿਰਫ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾ ਸਕਦੀਆਂ ਹਨ ਬਲਕਿ ਵੱਖ-ਵੱਖ ਖੇਤਰਾਂ ਵਿੱਚ ਅਗਵਾਈ ਕਰ ਸਕਦੀਆਂ ਹਨ ਅਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ। ਉਹ ਇੱਥੇ ਮਦਰਾਸ ਯੂਨੀਵਰਸਿਟੀ ਦੇ 165ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਰਾਸ਼ਟਰਪਤੀ ਨੇ ਇਸ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਵੇਲੇ ਲਗਪਗ 1.85 ਲੱਖ ਵਿਦਿਆਰਥੀ ਯੂਨੀਵਰਸਿਟੀ ਤੇ ਉਸ ਨਾਲ ਸਬੰਧਤ ਕਾਲਜਾਂ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਵਿੱਚੋਂ 50 ਫ਼ੀਸਦ ਤੋਂ ਜ਼ਿਆਦਾ ਕੁੜੀਆਂ ਹਨ। ਉਨ੍ਹਾਂ ਕਿਹਾ, ‘‘ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਅੱਜ ਸੋਨ ਤਗ਼ਮਾ ਹਾਸਲ ਕਰਨ ਵਾਲੇ 105 ਵਿਦਿਆਰਥੀਆਂ ’ਚੋਂ 70 ਫ਼ੀਸਦ ਕੁੜੀਆਂ ਹਨ। ਉਨ੍ਹਾਂ ਕਿਹਾ, ‘‘ਮਦਰਾਸ ਯੂਨੀਵਰਸਿਟੀ ਲਿੰਗ ਸਮਾਨਤਾ ਦਾ ਪ੍ਰਤੱਖ ੳਦਹਾਰਨ ਹੈ।’’ ਰਾਸ਼ਟਰਪਤੀ ਨੇ ਕਿਹਾ, ‘‘ਅਸੀਂ ਕੁੜੀਆਂ ਦੀ ਸਿੱਖਿਆ ਵਿੱਚ ਨਿਵੇਸ਼ ਕਰ ਕੇ ਆਪਣੇ ਦੇਸ਼ ਦੀ ਤਰੱਕੀ ਵਿਚ ਨਿਵੇਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਸਿੱਖਿਅਤ ਔਰਤਾਂ ਅਰਥਵਿਵਸਥਾ ਵਿੱਚ ਵਧੇਰੇ ਯੋਗਦਾਨ ਪਾ ਸਕਦੀਆਂ ਹਨ, ਵੱਖ-ਵੱਖ ਖੇਤਰਾਂ ਦੀ ਅਗਵਾਈ ਕਰ ਸਕਦੀਆਂ ਹਨ ਅਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ।
ਰਾਜਪਾਲ ਆਰ.ਐੱਨ. ਰਵੀ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਪੁਨਰ ਸੁਰਜੀਤ ਭਾਰਤ ਵਿੱਚ ਉੱਦਮਤਾ ਦੇ ਵੱਡੀ ਗਿਣਤੀ ਬੇਮਿਸਾਲ ਮੌਕੇ ਲੱਭਣ, ਵੱਡੇ ਸੁਫਨੇ ਦੇਖਣ ਅਤੇ ਆਪਣੇ ਸੁਫਨੇ ਪੂਰੇ ਕਰਨ ਲਈ ਦਿਲ ਤੇ ਆਤਮਾ ਨੂੰ ਤਿਆਰ ਕਰਨ ਵਾਸਤੇ ਕਿਹਾ। ਸੂਬੇ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਇਕ ਵਿਲੱਖਣ ਸਿੱਖਿਆ ਨੀਤੀ ਬਣਾਉਣ ਲਈ ਕੰਮ ਕਰ ਰਹੀ ਹੈ ਜੋ ਕਿ ਤਾਮਲਿਨਾਡੂ ਦੇ ਇਤਿਹਾਸ, ਉਦਯੋਗਿਕ ਵਿਚਾਰ ਤੇ ਭਵਿੱਖ ਦੇ ਟੀਚਿਆਂ ’ਤੇ ਆਧਾਰਤ ਹੋਣ ਤੋਂ ਇਲਾਵਾ ਆਰਥਿਕ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੋਵੇਗੀ।
ਮੁਰਮੂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ 1857 ਵਿੱਚ ਸਥਾਪਤ ਇਹ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀਜ਼ ’ਚੋਂ ਇਕ ਹੈ। ਉਨ੍ਹਾਂ ਨੇ ਕਿਹਾ, ‘‘ਮਾਣ ਵਾਲੀ ਗੱਲ ਹੈ ਕਿ ਛੇ ਸਾਬਕਾ ਰਾਸ਼ਟਰਪਤੀ ਇਸ ’ਵਰਸਿਟੀ ਦੇ ਵਿਦਿਆਰਥੀ ਰਹੇ ਹਨ ਜਿਨ੍ਹਾਂ ’ਚ ਐੱਸ ਰਾਧਾਕ੍ਰਿਸ਼ਨਨ, ਵੀ.ਵੀ. ਗਿਰੀ, ਨੀਲਮ ਸੰਜੀਵ ਰੈੱਡੀ, ਆਰ ਵੈਂਕਟਰਮਨ, ਕੇ.ਆਰ. ਨਾਰਾਇਣਨ ਤੇ ਏਪੀਜੇ ਅਬਦੁਲ ਕਲਾਮ ਸ਼ਾਮਲ ਹਨ। -ਪੀਟੀਆਈ