ਔਰਤਾਂ ਵੱਲੋਂ ਰੈਲੀ ਮਗਰੋਂ ਨਿੱਜੀ ਫਾਇਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਗਸਤ
ਇਥੇ ਨਵੀਂ ਅਨਾਜ ਮੰਡੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦੇ ਜਾਲ ਵਿੱਚ ਫਸੀਆਂ ਪੀੜਤ ਔਰਤਾਂ ਵੱਲੋਂ ਰੋਸ ਰੈਲੀ ਮਗਰੋਂ ਮਾਈਕਰੋ ਕੰਪਨੀ ਦਫ਼ਤਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨੌਜਵਾਨ ਭਾਰਤ ਸਭਾ ਆਗੂ ਕਰਮਜੀਤ ਮਾਣੂੰਕੇ, ਸਤਨਾਮ ਸਿੰਘ ਡਾਲਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਆਗੂ ਮਨਜੀਤ ਸਿੰਘ ਬੁੱਘੀਪੁਰਾ ਨੇ ਕਿਹਾ ਕਿ ਆਰਬੀਆਈ ਦੀਆਂ ਹਦਾਇਤਾਂ ਅਨੁਸਾਰ ਬੈਂਕ ਜਾਂ ਫਾਇਨਾਂਸ ਕੰਪਨੀ ਉਸ ਤੋਂ ਜ਼ਬਰੀ ਕਿਸ਼ਤ ਨਹੀਂ ਵਸੂਲ ਸਕਦੇ ਪਰ ਔਰਤਾਂ ਨੂੰ ਕਿਸ਼ਤ ਨਾ ਭਰਨ ਬਦਲੇ ਜਲੀਲ ਕਰਨ ਅਤੇ ਘਰੇਲੂ ਸਾਮਾਨ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਔਰਤਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ, ਔਰਤਾਂ ਨੂੰ ਕੋ-ਆਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਕਰਜ਼ਾ ਦੇਣ, ਔਰਤਾਂ ਦੇ ਘਰਾਂ ਦਾ ਸਾਮਾਨ ਚੁੱਕਣ ਵਾਲੇ ਕੰਪਨੀਆਂ ਦੇ ਮਾਲਕਾਂ ਦੇ ਕਰਿੰਦਿਆਂ ਖਿਲਾਫ ਪਰਚੇ ਦਰਜ ਕਰਨ ਅਤੇ ਚੁੱਕਿਆ ਸਾਮਾਨ ਵਾਪਿਸ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਮਾਈਕਰੋ ਕੰਪਨੀਆਂ ਤੋਂ ਕਰਜ਼ਾ ਉਨ੍ਹਾਂ ਔਰਤਾਂ ਨੇ ਲਿਆ ਹੈ ਜੋ ਸਾਧਨ ਵਿਹੁਣੀਆਂ ਹਨ ਜਾਂ ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਜਾਂ ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰ, ਵਪਾਰੀ, ਮੁਲਾਜਮ ਸ਼ਾਮਲ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ ਇਸ ਮਸਲੇ ਨੂੰ ਗੰਭੀਰ ਲਵੇ ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਮਹਿਣਾ, ਨਿਰਮਲ ਸਿੰਘ ਚੁਗਾਵਾਂ, ਗੁਰਪ੍ਰੀਤ ਸਿੰਘ, ਕੁਲਵਿੰਦਰ ਕੌਰ ਤਖਾਣਵੱਧ, ਰਾਮ ਆਸਰਾ ਸਿੰਘ, ਜੈ ਪ੍ਰਕਾਸ਼, ਹਰਪ੍ਰੀਤ ਸਿੰਘ ਜੀਤਾ, ਰਣਜੀਤ ਨੇ ਸੱਬੋਧਨ ਕੀਤਾ।