ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਰਤਾਂ ਅਤੇ ਮਾਨਸਿਕ ਰੋਗ

11:42 AM Nov 23, 2024 IST

ਰਵਿੰਦਰ ਚੋਟ

ਇਹ ਆਮ ਦੇਖਿਆ ਗਿਆ ਹੈ ਕਿ ਦੇਸ਼ ਵਿਦੇਸ਼ ਵਿੱਚ ਔਰਤਾਂ ਮਾਨਸਿਕ ਤੌਰ ’ਤੇ ਜ਼ਿਆਦਾ ਬਿਮਾਰ ਹੁੰਦੀਆਂ ਹਨ। ਬਹੁਤ ਸਾਰੇ ਸਰਵੇ ਇਸ ਦੇ ਗਵਾਹ ਹਨ ਕਿ ਸਾਡੇ ਦੇਸ਼ ਦੇ ਪਿੰਡਾਂ ਵਿੱਚ ਔਰਤਾਂ ਨੂੰ ਮਾਨਸਿਕ ਵਿਕਾਰ ਜ਼ਿਆਦਾ ਘੇਰਦੇ ਰਹੇ ਹਨ। ਪੰਜਾਬ ਦੇ ਪਿੰਡਾਂ ਅਤੇ ਪੱਛੜੇ ਇਲਾਕਿਆਂ ਵਿੱਚ ਹਰ ਪੰਜਵੀਂ ਔਰਤ (19%) ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੁੰਦੀ ਹੈ ਭਾਵੇਂ ਇਹ ਰੋਗ ਗੰਭੀਰ ਨਾ ਵੀ ਹੋਵੇ, ਪਰ ਦੂਸਰੇ ਪਾਸੇ ਮਰਦਾਂ ਦੀ ਗਿਣਤੀ ਇਨ੍ਹਾਂ ਦੇ ਮੁਕਾਬਲੇ 12 ਫੀਸਦੀ ਹੀ ਵੇਖੀ ਗਈ ਹੈ। ਚਿੰਤਾ ਰੋਗ ਅਤੇ ਡਿਪਰੈਸ਼ਨ ਦੇ ਸਬੰਧ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਦੁੱਗਣੀ ਹੈ। ਹਿਸਟੀਰੀਆ ਤੇ ਸਕਿਜ਼ੋਫਰੇਨੀਆ ਆਦਿ ਗੰਭੀਰ ਮਾਨਸਿਕ ਵਿਕਾਰਾਂ ਦੀ ਨੀਂਹ ਔਰਤਾਂ ਵਿੱਚ 20 ਤੋਂ 30 ਸਾਲ ਦੀ ਉਮਰ ਵਿੱਚ ਹੀ ਰੱਖੀ ਜਾਂਦੀ ਹੈ।
ਜਿਨ੍ਹਾਂ ਦੇਸ਼ਾਂ ਨੂੰ ਅਸੀਂ ਬਹੁਤ ਤਰੱਕੀ ਯਾਫਤਾ ਮੰਨਦੇ ਹਾਂ ਉਨ੍ਹਾਂ ਦੇ ਵਾਸੀ ਵੀ ਮਾਨਸਿਕ ਰੋਗਾਂ ਤੋਂ ਨਹੀਂ ਬਚ ਸਕੇ। ਅਮਰੀਕਾ ਵਿੱਚ 2021 ਵਿੱਚ ਕੀਤੇ ਸਰਵੇ ਦੱਸਦੇ ਹਨ ਕਿ ਉੱਥੇ 18 ਸਾਲ ਦੀ ਉਮਰ ਦੇ 57.8 ਮਿਲੀਅਨ ਬਾਲਗਾਂ ਵਿੱਚੋਂ 22.8% ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਸਨ। ਇਨ੍ਹਾਂ ਵਿੱਚੋਂ 27.2% ਔਰਤਾਂ ਸਨ ਅਤੇ ਮਰਦ 18.1% ਸਨ। ਭਾਵ ਇੱਥੇ ਵੀ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਅਮਰੀਕਾ ਦੀ ਮਾਨਸਿਕ ਸਿਹਤ ਨਾਲ ਸਬੰਧਤ ਕੌਮੀ ਸੰਸਥਾ ਨੇ ਵੀ ਇਨ੍ਹਾਂ ਅੰਕੜਿਆਂ ’ਤੇ ਆਪਣੀ ਮੋਹਰ ਲਾਈ ਹੈ। ਕੈਨੇਡਾ ਵਰਗੇ ਦੇਸ਼ ਵਿੱਚ ਵੀ ਬਹੁਤ ਸਾਰੇ ਮਨੋਵਿਗਿਆਨਕ ਸਰਵੇ ਕੀਤੇ ਗਏ ਹਨ। ਉਨ੍ਹਾਂ ਦੇ ਨਤੀਜੇ ਵੀ ਇਸੇ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਔਰਤਾਂ (ਖ਼ਾਸ ਕਰਕੇ ਪੰਜਾਬੀ ਔਰਤਾਂ) ਮਰਦਾਂ ਨਾਲੋਂ ਜ਼ਿਆਦਾ ਮਾਨਸਿਕ ਰੋਗਾਂ ਨਾਲ ਗ੍ਰਸਤ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਮਾਨਸਿਕ ਰੋਗਾਂ ਦੇ ਸ਼ਿਕਾਰ ਔਰਤਾਂ ਤੇ ਮਰਦਾਂ ਵਿੱਚੋਂ 80% ਲੋਕ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਨਹੀ ਜਾਂਦੇ। ਪੁਰਾਣੇ ਜ਼ਮਾਨੇ ਵਿੱਚ ਇਨ੍ਹਾਂ ਦਾ ਇਲਾਜ ਆਮ ਕਰਕੇ ਬਾਬਿਆਂ ਜਾਂ ਭੂਤ ਕੱਢਣ ਵਾਲਿਆਂ ਆਦਿ ਤੋਂ ਧਾਗੇ ਤਬੀਤ ਲੈ ਕੇ ਕੀਤਾ ਜਾਂਦਾ ਰਿਹਾ ਹੈ।
ਬਚਪਨ ਵਿੱਚ ਅਸੀਂ ਪਿੰਡਾਂ ਵਿੱਚ ਵੇਖਦੇ ਰਹੇ ਹਾਂ ਕਿ ਇਹ ਚੇਲੇ ਕਈ ਵਾਰੀ ਔਰਤਾਂ ’ਤੇ ਬਹੁਤ ਅੱਤਿਆਚਾਰ ਕਰਦੇ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਵੀ ਕਰਦੇ ਹਨ। ਉਨ੍ਹਾਂ ਨੂੰ ਲਾਲ ਮਿਰਚਾਂ ਦੀਆਂ ਧੂਣੀਆਂ ਦਿੱਤੀਆਂ ਜਾਂਦੀਆਂ ਸਨ। ਇਹ ਸਾਰੀ ਖੇਡ ਭੂਤ ਜਾਂ ਚੁੜੇਲ ਨੂੰ ਕੱਢਣ ਦੇ ਨਾਂ ’ਤੇ ਖੇਡੀ ਜਾਂਦੀ ਸੀ। ਬਾਕੀ ਪਰਿਵਾਰਕ ਮੈਂਬਰ ਅਨਪੜ੍ਹ ਹੋਣ ਕਰਕੇ ਸਹਿਮੇ ਹੋਏ, ਬੇਵੱਸ ਹੋਏ ਦੇਖਦੇ ਵੀ ਅਤੇ ਜ਼ਰਦੇ ਵੀ ਸਨ। ਜੇਕਰ ਉਨ੍ਹਾਂ ਦਾ ਤਸ਼ੱਦਦ ਵੀ ਕੁਝ ਨਾ ਸੰਵਾਰ ਸਕਦਾ ਤਾਂ ਪਹਾੜਾਂ ’ਤੇ ਸਥਿਤ ਵੱਡੇ ਡੇਰਿਆਂ ਕੋਲੋਂ ਇਨ੍ਹਾਂ ਦਾ ਇਲਾਜ ਲੱਭਿਆ ਜਾਂਦਾ ਰਿਹਾ ਹੈ। ਉੱਥੇ ਪਹਾੜੀ ਝਰਨਿਆਂ ਦੀ ਪਾਣੀ ਦੀ ਭਾਰੀ ਧਾਰ ਹੇਠ ਉਨ੍ਹਾਂ ਦਾ ਸਿਰ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਮਰੀਜ਼ ਨੂੰ ਕੁਝ ਦੇਰ ਆਰਾਮ ਮਿਲਦਾ, ਪਰ ਕੁਝ ਸਮੇਂ ਪਿੱਛੋਂ ਫਿਰ ਉਹ ਪਹਿਲਾਂ ਵਾਲੀ ਹਾਲਤ ਵਿੱਚ ਪਹੁੰਚ ਜਾਂਦਾ। ਦਰਅਸਲ ਇਨ੍ਹਾਂ ਰੋਗਾਂ ਨੂੰ ਕੋਈ ਰੋਗ ਸਮਝਦਾ ਹੀ ਨਹੀਂ ਸੀ, ਸਗੋਂ ਇਨ੍ਹਾਂ ਨੂੰ ਬਾਹਰਲੀਆਂ ਕਸਰਾਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਜਿਵੇਂ ਜਿਵੇਂ ਵਿਗਿਆਨ ਅਤੇ ਮਨੋਵਿਗਿਆਨ ਦਾ ਗਿਆਨ ਵਧਿਆ ਤਾਂ ਹੁਣ ਇਨ੍ਹਾਂ ਰੋਗਾਂ ਨੂੰ ਮਾਨਸਿਕ ਰੋਗ ਸਮਝ ਕੇ ਇਲਾਜ ਕੀਤਾ ਜਾਣ ਲੱਗਾ ਹੈ।
ਉਪਰੋਕਤ ਅੰਕੜੇ ਇਸ ਗੱਲ ਨੂੰ ਸਿੱਧ ਕਰਦੇ ਹਨ ਕਿ ਔਰਤਾਂ, ਮਰਦਾਂ ਨਾਲੋਂ ਵੱਧ ਗਿਣਤੀ ਵਿੱਚ ਮਾਨਸਿਕ ਰੋਗਾਂ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਹਨ। ਇਸ ਦਾ ਕਾਰਨ ਔਰਤਾਂ ਦਾ ਬਚਪਨ ਤੋਂ ਪਾਲਣ-ਪੋਸ਼ਣ ਦਾ ਢੰਗ, ਆਲਾ-ਦੁਆਲਾ, ਮਾਪਿਆਂ ਅਤੇ ਸਹੁਰਿਆਂ ਦਾ ਉਨ੍ਹਾਂ ਪ੍ਰਤੀ ਰਵੱਈਆ, ਸਮਾਜ ਦਾ ਉਨ੍ਹਾਂ ਪ੍ਰਤੀ ਵਿਵਹਾਰ ਜਾਂ ਸਮਾਜਿਕ ਵਿਤਕਰਾ ਅਤੇ ਮਰਦ ਪ੍ਰਧਾਨ ਪਰਿਵਾਰਕ ਸੰਗਠਨ ਆਦਿ ਇਸ ਦੇ ਜ਼ਿੰਮੇਵਾਰ ਕਾਰਕ ਬਣਦੇ ਹਨ। ਸਾਡੇ ਦੇਸ਼ ਵਿੱਚ ਕੁਝ ਪਰਿਵਾਰ ਅਨਪੜ੍ਹਤਾ ਕਾਰਨ ਲੜਕੀ ਨੂੰ ਅਜੇ ਵੀ ਲੜਕੇ ਨਾਲੋਂ ਘਟੀਆ, ਪੱਥਰ, ਬੋਝ, ਪਰਾਈ ਆਦਿ ਸਮਝ ਕੇ ਹੀ ਪਾਲਦੇ ਹਨ। ਉਸ ਦੇ ਖੰਭ ਬਚਪਨ ਤੋਂ ਹੀ ਕੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਉਹ ਜ਼ਿੰਦਗੀ ਦੀ ਕਿਸੇ ਵੀ ਪਰਵਾਜ਼ ਲਈ ਪਰ ਖੋਲ੍ਹ ਨਾ ਸਕੇ। ਇਸ ਦੇ ਉਲਟ ਲੜਕੇ ਨੂੰ ਉਸ ਦੇ ਮੁਕਾਬਲੇ ਹਰ ਤਰ੍ਹਾਂ ਦੀ ਖੁੱਲ੍ਹ ਦੇ ਛੱਡਦੇ ਹਨ ਜਿਹੜੀ ਕਿ ਕਈ ਵਾਰੀ ਉਨ੍ਹਾਂ ਨੂੰ ਵਿਗਾੜਨ ਵਿੱਚ ਪੂਰਾ ਰੋਲ ਅਦਾ ਕਰਦੀ ਹੈ। ਘੱਟ ਵਿਕਸਤ ਅਤੇ ਅਨਪੜ੍ਹ ਪਰਿਵਾਰਾਂ ਵਿੱਚ ਲੜਕੀਆਂ ਨਾਲ ਅਜੇ ਵੀ ਖਾਣੇ ਵਿੱਚ ਅਤੇ ਹੋਰ ਵਰਤ-ਵਰਤਾਰੇ ਵਿੱਚ ਫ਼ਰਕ ਕੀਤਾ ਜਾਂਦਾ ਹੈ।
ਅਜੇ ਵੀ ਇਹੀ ਸੋਚਿਆ ਜਾਂਦਾ ਹੈ ਕਿ ਕੁੜੀਆਂ ਤਾਂ ਬਿਗਾਨਾ ਧੰਨ ਹਨ-ਘਰ ਲਈ ਕਮਾਈ ਤਾਂ ਲੜਕਿਆਂ ਨੇ ਹੀ ਕਰਨੀ ਹੈ। ਉਹ ਇਸ ਗੱਲ ਤੋਂ ਅਵੇਸਲੇ ਰਹਿੰਦੇ ਹਨ ਕਿ ਲੜਕੀ ਨੇ ਤਾਂ ਪੂਰੇ ਪਰਿਵਾਰ ਦਾ ਭਾਰ ਚੁੱਕਣਾ ਹੁੰਦਾ ਹੈ। ਉਸ ਨੂੰ ਹੋਰ ਸਹੂਲਤਾਂ ਦੇਣ ਵੇਲੇ ਵੀ ਵੀਹ ਵਾਰੀ ਸੋਚਿਆ ਜਾਂਦਾ ਹੈ। ਹਮੇਸ਼ਾ ਇਹ ਹੀ ਸੋਚਿਆ ਜਾਂਦਾ ਹੈ ਕਿ ਜੇ ਲੜਕੀ ਘਰੋਂ ਬਾਹਰ ਗਈ ਤਾਂ ਵਿਗੜ ਜਾਵੇਗੀ, ਪਰ ਲੜਕੇ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ ਜਾਂਦਾ। ਜ਼ਿਹਨੀ ਤੌਰ ’ਤੇ ਲੜਕੀ ਸਾਰੀ ਜ਼ਿੰਦਗੀ ਪੇਕੇ-ਸਹੁਰੇ ਪਰਾਈ ਰਹਿੰਦੀ ਹੈ। ਜਵਾਨ ਹੋਈ ਲੜਕੀ ਨਾਲ ਬਾਹਰ ਜਾਣ ਵੇਲੇ ਸੱਤ-ਅੱਠ ਸਾਲ ਦੇ ਭਰਾ ਨੂੰ ਉਸ ਦੀ ਰੱਖਿਆ ਲਈ ਭੇਜਿਆ ਜਾਂਦਾ ਹੈ, ਉਸ ਦਾ ਆਤਮ ਵਿਸ਼ਵਾਸ ਤੇ ਸਵੈ-ਮਾਣ ਬਣਨ ਹੀ ਨਹੀਂ ਦਿੱਤਾ ਜਾਂਦਾ। ਲੜਕੀ ਲਈ ਮਾਨਸਿਕ ਰੋਗਾਂ ਦੀ ਨੀਂਹ ਅਸੀਂ ਬਚਪਨ ਵਿੱਚ ਹੀ ਉਸ ਦੇ ਜ਼ਿਹਨ ਵਿੱਚ ਰੱਖ ਦਿੰਦੇ ਹਾਂ। ਗ਼ਰੀਬ ਤੇ ਅਨਪੜ੍ਹ ਪਰਿਵਾਰਾਂ ਵਿੱਚ ਲੜਕੀਆਂ ਤੇ ਔਰਤਾਂ ਨਾਲ ਮਰਦਾਂ ਵੱਲੋਂ ਗਾਲ੍ਹੀ ਗਲੋਚ ਤੇ ਕੁੱਟਮਾਰ ਕਰਨੀ ਆਮ ਵਰਤਾਰਾ ਹੈ। ਮਰਦ ਤਾਂ ਲੜਦੇ ਵਕਤ ਵੀ ਗਾਲ੍ਹਾਂ ਮਾਂ, ਧੀ ਅਤੇ ਭੈਣ ਦੀਆਂ ਹੀ ਕੱਢਦੇ ਹਨ। ਇਹੀ ਗੱਲਾਂ ਔਰਤਾਂ ਵਿੱਚ ਮਾਨਸਿਕ ਗੁੰਝਲਾਂ ਬਣ ਜਾਂਦੀਆਂ ਹਨ ਜਿਹੜੀਆਂ ਅੱਗੇ ਜਾ ਕੇ ਵੱਡੀਆਂ ਸਮੱਸਿਆਵਾਂ ਵਿੱਚ ਬਦਲ ਜਾਂਦੀਆਂ ਹਨ।
ਸਧਾਰਨ ਉਦਾਸੀ ਮਾਨਸਿਕ ਰੋਗ ਨਹੀਂ ਹੁੰਦੀ ਸਗੋਂ ਇਹ ਕੁਝ ਸਮੇਂ ਲਈ ਮਹਿਸੂਸ ਹੋ ਰਹੀ ਇੱਕ ਭਾਵਨਾ ਹੁੰਦੀ ਹੈ ਜਿਹੜੀ ਕਿ ਸਾਰੇ ਪ੍ਰਾਣੀਆਂ ਨੂੰ ਸਮੇਂ ਸਮੇਂ ਮਹਿਸੂਸ ਹੁੰਦੀ ਹੈ, ਪਰ ਇਸ ਨਾਲ ਸਾਡੇ ਰੋਜ਼ਾਨਾ ਦੇ ਕੰਮਕਾਰ ਜਿਵੇਂ ਪੜ੍ਹਾਈ, ਕਾਰੋਬਾਰ ਜਾਂ ਹੋਰ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕੋਈ ਖਲਲ ਨਹੀਂ ਪੈਂਦਾ। ਇਹ ਸਧਾਰਨ ਗੱਲਬਾਤ ਨਾਲ ਹੀ ਠੀਕ ਹੋ ਸਕਦੀ ਹੈ। ਜਦੋਂ ਇਹ ਮਾਨਸਿਕ ਵਿਕਾਰ ਜਾਂ ਉਦਾਸੀ ਰੋਗ (ਡਿਪਰੈਸ਼ਨ) ਬਣਨਾ ਸ਼ੁਰੂ ਹੋ ਜਾਂਦਾ ਹੈ ਤਾਂ ਔਰਤ/ਮਰਦ ਨੂੰ ਸਹੀ ਤਰ੍ਹਾਂ ਸੋਚਣ, ਪੜ੍ਹਨ-ਲਿਖਣ, ਆਪਣੇ ਜਜ਼ਬਾਤਾਂ ’ਤੇ ਕੰਟਰੋਲ ਕਰਨ, ਦੂਸਰਿਆਂ ਨਾਲ ਸਹੀ ਵਿਵਹਾਰ ਕਰਨ, ਸਮਾਜਿਕ ਰਿਸ਼ਤੇ ਨਿਭਾਉਣ ਅਤੇ ਦੂਸਰਿਆਂ ਨੂੰ ਤੇ ਆਪਣੇ ਆਪ ਨੂੰ ਸਮਝਣ ਵਿੱਚ ਔਖ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਨਾਲ ਕਈ ਸਰੀਰਕ ਲੱਛਣ ਵੀ ਪ੍ਰਗਟ ਹੋਣ ਲੱਗਦੇ ਹਨ। ਭੁੱਖ ਤੇ ਨੀਂਦ ਜਾਂ ਤਾਂ ਘਟ ਜਾਂਦੀ ਹੈ ਜਾਂ ਬਹੁਤ ਵਧ ਜਾਂਦੀ ਹੈ। ਰੋਜ਼ਾਨਾ ਦੇ ਕੰਮਕਾਰ ਵਿੱਚ ਦਿਲਚਸਪੀ ਘਟ ਜਾਂਦੀ ਹੈ। ਘਰ ਦੇ ਮੈਂਬਰਾਂ ਨਾਲ ਤੇ ਮਿੱਤਰਾਂ ਦੋਸਤਾਂ ਨਾਲ ਵੀ ਲਗਾਅ ਨਹੀਂ ਰਹਿੰਦਾ। ਮਾਨਸਿਕ ਤੇ ਸਰੀਰਕ ਸੰਤੁਲਨ ਵੀ ਵਿਗੜਨ ਲੱਗਦਾ ਹੈ। ਉਸ ਦੇ ਅੰਦਰ ਆਪਣੇ ਆਪ ਲਈ ਅਤੇ ਦੂਸਰਿਆਂ ਲਈ ਖ਼ਤਰਨਾਕ ਰੁਝਾਨ ਪੈਦਾ ਹੋਣ ਲੱਗਦੇ ਹਨ। ਇਹ ਸਭ ਕੁਝ ਉਦਾਸੀ ਰੋਗ ਦੀਆਂ ਪਹਿਲੀਆਂ ਸਟੇਜਾਂ ਵਿੱਚ ਔਰਤਾਂ ਵਿੱਚ ਜਲਦੀ ਪ੍ਰਗਟ ਹੋਣ ਲੱਗਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਕਰਕੇ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਜੇਕਰ ਇਹ ਵਿਕਾਰ ਦੋ ਜਾਂ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਸਮਾਂ ਚੱਲੇ ਤਾਂ ਕਿਸੇ ਮਨੋ-ਵਿਗਿਆਨੀ ਦੀ ਲੋੜ ਪੈ ਸਕਦੀ ਹੈ ਕਿਉਂਕਿ ਰੋਗੀ ਅਕੇਵਾਂ, ਥਕੇਵਾਂ, ਨਿਰਾਸ਼ਤਾ, ਨਮੋਸ਼ੀ, ਨੀਂਦ ਤੇ ਭੁੱਖ ਘਟਣਾ ਜਾਂ ਬਹੁਤ ਵਧ ਜਾਣਾ, ਯਾਦ ਸ਼ਕਤੀ ਦਾ ਘਟਣਾ, ਛੋਟੇ ਮੋਟੇ ਫ਼ੈਸਲੇ ਨਾ ਕਰ ਸਕਣਾ ਆਦਿ ਮਹਿਸੂਸ ਕਰਨ ਲੱਗਦਾ ਹੈ। ਰੋਗੀ ਔਰਤ ਹਮੇਸ਼ਾ ਉਦਾਸੀ ਅਤੇ ਗੰਭੀਰ ਮੂਡ ਵਿੱਚ ਰਹਿਣ ਲੱਗਦੀ ਹੈ। ਉਸ ਦੀ ਯਾਦ ਸ਼ਕਤੀ ਘਟਣ ਲੱਗਦੀ ਹੈ। ਔਰਤ ਜਵਾਨੀ ਵਿੱਚ ਹੀ ਬੁਢਾਪਾ ਮਹਿਸੂਸ ਕਰਨ ਲੱਗਦੀ ਹੈ। ਜ਼ਿੰਦਗੀ ਵਿੱਚ ਉਸ ਦੀ ਦਿਲਚਸਪੀ ਘਟਣ ਲੱਗਦੀ ਹੈ। ਜੇਕਰ ਇਲਾਜ ਨਾ ਕਰਾਇਆ ਜਾਵੇ ਤਾਂ ਇਹ ਰੋਗ ਹੌਲੀ ਹੌਲੀ ਗੰਭੀਰ ਹੁੰਦਾ ਜਾਂਦਾ ਹੈ। ਇਸ ਦੇ ਕਾਰਨ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਅਤੇ ਪਹਿਲਾਂ ਲੱਗੀਆਂ ਹੋਰ ਬਿਮਾਰੀਆਂ ਵੀ ਗੰਭੀਰ ਹੋਣ ਲੱਗਦੀਆਂ ਹਨ, ਪਰ ਰੋਗੀ ਦਾ ਇਨ੍ਹਾਂ ਵੱਲ ਧਿਅਨ ਹੀ ਨਹੀਂ ਜਾਂਦਾ ਸਗੋਂ ਉਹ ਹਰ ਤਰ੍ਹਾਂ ਅਨਿਯਮਤ ਹੋਣ ਲੱਗਦਾ ਹੈ। ਆਤਮ ਵਿਸ਼ਵਾਸ ਬਿਲਕੁਲ ਨਹੀਂ ਰਹਿੰਦਾ, ਹਰ ਗੱਲ ਵਿੱਚ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨਾ, ਇਕਾਗਰਤਾ ਘਟਣੀ, ਬੇਵਸੀ ਤੇ ਨਮੋਸ਼ੀ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ।
ਕਈ ਵਾਰੀ ਔਰਤਾਂ ਨੂੰ ਗੰਭੀਰ ਮਾਨਸਿਕ ਰੋਗ ਕਾਰਨ ਸਰੀਰ ਦੇ ਕਈ ਅੰਗਾਂ ਵਿੱਚ ਪੀੜ ਮਹਿਸੂਸ ਹੁੰਦੀ ਹੈ, ਜਿਨ੍ਹਾਂ ਦਾ ਕੋਈ ਕਾਰਨ ਸਰੀਰਕ ਟੈਸਟਾਂ ਵਿੱਚ ਵੀ ਨਹੀਂ ਲੱਭਦਾ। ਬਹੁਤੇ ਵਿਕਸਤ ਦੇਸ਼ਾਂ ਵਿੱਚ ਤਾਂ ਔਰਤਾਂ ਮਰਦਾ ਵਾਂਗ ਹੀ ਬਹੁਤੇ ਨਸ਼ਿਆਂ ਵੱਲ ਵੀ ਹੋ ਤੁਰਦੀਆਂ ਹਨ। ਸਾਡੇ ਦੇਸ਼ ਵਿੱਚ ਇਹ ਘੱਟ ਵਾਪਰਦਾ ਹੈ, ਪਰ ਉਹ ਆਪਣੇ ਆਪ ਵਿੱਚ ਹੀ ਕੁੜ੍ਹਦੀਆਂ ਰਹਿੰਦੀਆਂ ਹਨ। ਰੋਗੀ ਔਰਤ ਆਮ ਲੋਕਾਂ ਵਿੱਚ ਵਿਚਰਨ ਤੋਂ ਗੁਰੇਜ਼ ਕਰਨ ਲੱਗਦੀ ਹੈ। ਸਮੇਂ ਸਮੇਂ ਹਿਸਟੀਰੀਆ ਦੇ ਦੌਰੇ ਵੀ ਪੈਣ ਲੱਗਦੇ ਹਨ। ਜਲਦੀ ਭੜਕ ਪੈਣਾ, ਹੱਸਦਿਆਂ ਹੱਸਦਿਆਂ ਅਚਾਨਕ ਉੱਚੀ ਰੋਣ ਲੱਗ ਜਾਣਾ ਜਾਂ ਤਰ੍ਹਾਂ ਤਰ੍ਹਾਂ ਦੀਆਂ ਅਜੀਬ ਆਵਾਜ਼ਾਂ ਸੁਣਾਈ ਦੇਣੀਆਂ ਆਦਿ। ਜ਼ਿੰਦਗੀ ਬੋਝ ਮਹਿਸੂਸ ਹੋਣ ਲੱਗਦੀ ਹੈ ਤੇ ਕਈ ਵਾਰੀ ਖ਼ੁਦਕੁਸ਼ੀ ਦੇ ਵਿਚਾਰ ਵੀ ਆਉਣ ਲੱਗਦੇ ਹਨ।
ਔਰਤ ਦੀ ਜ਼ਿੰਦਗੀ ਵਿੱਚ ਮਰਦ ਨਾਲੋਂ ਬਹੁਤ ਵੱਖਰੇ ਪੜਾਅ ਆਉਂਦੇ ਹਨ। ਔਰਤ ਬਚਪਨ ਵਿੱਚ ਆਪਣੇ ਮਾਪਿਆਂ ਦੇ ਦਬਾਅ ਹੇਠ ਰਹਿੰਦੀ ਹੈ, ਜਵਾਨੀ ਵੇਲੇ ਭਰਾ ਉਸ ਨੂੰ ਆਪਣੀ ਨਿਗਰਾਨੀ ਵਿੱਚ ਰੱਖਦੇ ਹਨ, ਵਿਆਹ ਤੋਂ ਬਾਅਦ ਪਤੀ-ਪਰਮੇਸ਼ਰ ਬਣਿਆ ਰਹਿੰਦਾ ਹੈ ਅਤੇ ਬੁਢਾਪਾ ਪੁੱਤਰਾਂ ਦੇ ਦਬਾਅ ਹੇਠ ਕੱਟਦੀ ਹੈ। ਹਰ ਸਟੇਜ ’ਤੇ ਮਰਦ ਦੀ ਪ੍ਰਧਾਨਗੀ ਚੱਲਦੀ ਹੈ। ਭਾਵੇਂ ਹੁਣ ਇਹ ਵਰਤਾਰਾ ਵਿੱਦਿਆ ਦੇ ਚਾਨਣ ਨਾਲ ਕੁਝ ਸੁਧਰ ਰਿਹਾ ਹੈ, ਪਰ ਫਿਰ ਵੀ ਇਸ ਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਨੈਸ਼ਨਲ ਫੈਮਿਲੀ ਹੈਲਥ ਸਰਵੇ 2019-21 ਮੁਤਾਵਕ ਅਜੇ ਵੀ 30% ਔਰਤਾਂ ਕਦੇ ਨਾ ਕਦੇ ਮਰਦਾਂ ਦੀ ਮਾਰਕੁੱਟ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਾਰਨ ਉਹ ਚਿੰਤਾ ਰੋਗ ਅਤੇ ਉਦਾਸੀ ਰੋਗ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਔਰਤ ਗਰਭ ਧਾਰਨ ਕਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਬਹੁਤ ਗੰਭੀਰ ਪੜਾਵਾਂ ਵਿੱਚੋਂ ਗੁਜ਼ਰਦੀ ਹੈ। ਸਾਡੇ ਸਮਾਜ ਵਿੱਚ ਉਸ ਨੂੰ ਲੜਕਾ-ਲੜਕੀ ਦੇ ਵਿਚਾਰ ਹੀ ਘੇਰੀ ਰੱਖਦੇ ਹਨ। ਬੱਚਿਆਂ ਦਾ ਪਾਲਣ-ਪੋਸ਼ਣ, ਬਜ਼ੁਰਗਾਂ ਦੀ ਸਾਭ-ਸੰਭਾਲ, ਘਰ-ਰਸੋਈ ਦੇ ਕੰਮ ਵੀ ਉਸ ਦੀ ਬਾਹਰਲੀ ਨੌਕਰੀ ਤੋਂ ਇਲਾਵਾ ਉਸ ਦੀ ਸਿਰਦਰਦੀ ਬਣਿਆ ਰਹਿੰਦਾ ਹੈ। ਸਾਡੇ ਦੇਸ਼ ਵਿੱਚ ਬਹੁਤੀਆਂ ਔਰਤਾਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਸੀਮਤ ਮੌਕੇ ਮਿਲਦੇ ਹਨ ਜਿਸ ਕਾਰਨ ਉਸ ਦੇ ਆਤਮ ਵਿਸ਼ਵਾਸ ਤੇ ਹਉਮੈ ਨੂੰ ਸੱਟ ਵੱਜਦੀ ਹੈ। ਇਸ ਨਾਲ ਉਸ ਦੀ ਸੁਰਤ ਢਹਿੰਦੀ ਕਲਾ ਵੱਲ ਜਾਂਦੀ ਹੈ।
ਮੀਨੋਪਾਜ਼ ਦਾ ਸਮਾਂ ਔਰਤ ਲਈ ਬਹੁਤ ਹੀ ਸੰਵੇਦਨਸ਼ੀਲ ਪੜਾਅ ਹੁੰਦਾ ਹੈ। ਉਸ ਸਮੇਂ ਵਿੱਚ ਉਸ ਦੇ ਸਰੀਰਕ ਢਾਂਚੇ ਵਿੱਚ ਬਦਲਾਅ ਦੇ ਨਾਲ ਨਾਲ ਬਹੁਤ ਸਾਰੇ ਮਾਨਸਿਕ ਵਿਕਾਰ ਵੀ ਸ਼ੁਰੂ ਹੋ ਜਾਂਦੇ ਹਨ। ਹਾਰਮੋਨਜ਼ ਵਿੱਚ ਅਸੰਤੁਲਨ ਪੈਦਾ ਹੋਣ ਨਾਲ ਕਈ ਵਾਰੀ ਉਸ ਨੂੰ ਉਦਾਸੀ ਦੇ ਨਾਲ ਹਿਸਟੀਰੀਆ ਦੇ ਦੌਰੇ ਵੀ ਪੈਂਦੇ ਹਨ। ਇਹ ਦੌਰ ਪੰਤਾਲੀ ਸਾਲ ਦੀ ਉਮਰ ਤੋਂ ਪੰਜਾਹ ਸਾਲ ਦੀ ਉਮਰ ਤੱਕ ਵੀ ਚੱਲ ਸਕਦਾ ਹੈ। ਤਲਾਕਸ਼ੁਦਾ ਅਤੇ ਵਿਧਵਾ ਔਰਤਾਂ ਸਮਾਜ ਦੇ ਤਾਅਨੇ-ਮਿਹਣਿਆਂ ਦਾ ਸ਼ਿਕਾਰ ਹੋਈਆਂ ਰਹਿੰਦੀਆਂ ਹਨ। ਬਹੁਤ ਸਾਰੀਆਂ ਸਮਾਜਿਕ ਰੀਤੀ-ਰਿਵਾਜਾਂ ਅਤੇ ਰਸਮਾਂ ਵੇਲੇ ਉਨ੍ਹਾਂ ਨੂੰ ਨਹਿਸ਼ ਸਮਝ ਕੇ ਮਾੜੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਮਾਨਸਿਕ ਢਾਂਚੇ ’ਤੇ ਬਹੁਤ ਗਹਿਰੀਆਂ ਲਕੀਰਾਂ ਖਿੱਚੀਆਂ ਜਾਂਦੀਆਂ ਹਨ। ਉਹ ਉਨ੍ਹਾਂ ਨੂੰ ਅੰਦਰੋਂ-ਅੰਦਰੀ ਖਾਈ ਜਾਂਦੀਆਂ ਹਨ ਜੋ ਕਿ ਮਾਨਸਿਕ ਸਿਹਤ ਲਈ ਘਾਤਕ ਸਿੱਧ ਹੁੰਦੀਆਂ ਹਨ।
ਵੱਖਰੇ ਵੱਖਰੇ ਖੇਤਰਾਂ ਵਿੱਚ ਵਿਚਰਦੀਆਂ ਔਰਤਾਂ ਸਮਾਜਿਕ, ਆਰਥਿਕ ਤੇ ਘਰੇਲੂ ਸਮੱਸਿਆਵਾਂ ਨੂੰ ਵੱਖਰੀ ਤਰ੍ਹਾਂ ਮਹਿਸੂਸ ਕਰਦੀਆਂ ਹਨ ਅਤੇ ਵੱਖਰੀ ਤਰ੍ਹਾਂ ਦਾ ਪ੍ਰਭਾਵ ਕਬੂਲਦੀਆਂ ਹਨ। ਮੰਦਬੁੱਧੀ ਤੇ ਘੱਟ ਆਈ-ਕਿਉ ਵਾਲੀਆਂ ਔਰਤਾਂ ਮਾੜੇ-ਚੰਗੇ ਹਾਲਾਤ ਨੂੰ ਬਹੁਤਾ ਨਹੀਂ ਗੌਲਦੀਆਂ, ਇਸ ਲਈ ਉਹ ਗੰਭੀਰ ਮਾਨਸਿਕ ਰੋਗਾਂ ਤੋਂ ਬਚੀਆਂ ਰਹਿੰਦੀਆਂ ਹਨ। ਆਮ ਔਰਤਾਂ ਲਈ ਕਈ ਵਾਰੀ ਧਾਰਮਿਕ ਕੱਟੜਤਾ ਵੀ ਮਾਨਸਿਕ ਰੋਗ ਬਣ ਜਾਂਦੀ ਹੈ। ਰਾਜਨੀਤਕ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਵਿੱਚ ਖਾਹਿਸ਼ਾਂ ਉੱਚੀਆਂ ਪਦਵੀਆਂ ਨਾਲ ਬੱਝੀਆਂ ਹੁੰਦੀਆਂ ਹਨ ਤੇ ਵੱਡੇ ਸੁਪਨੇ ਟੁੱਟਦੇ ਹਨ ਤਾਂ ਉਨ੍ਹਾਂ ਨੂੰ ਵੀ ਕਈ ਵਾਰੀ ਮਨੋਵਿਗਿਆਨਕਾਂ ਕੋਲ ਸਲਾਹ ਲੈਣ ਜਾਣਾ ਪੈਂਦਾ ਹੈ। ਔਰਤਾਂ ਤੇ ਸਾਹਿਤਕ ਸੂਝ ਰੱਖਣ ਵਾਲੇ ਮਰਦ ਆਮ ਲੋਕਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਉਹ ਹਰ ਘਟਨਾ-ਦੁਰਘਟਨਾ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਅਤੇ ਉਸ ਦਾ ਤੀਖਣ ਪ੍ਰਭਾਵ ਕਬੂਲਦੇ ਹਨ। ਉਹ ਇਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਢਾਲ ਕੇ ਖ਼ੂਬਸੂਰਤ ਰਚਨਾਵਾਂ, ਕਲਾਕ੍ਰਿਤੀਆਂ ਪੈਦਾ ਕਰਦੇ ਹਨ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਨਵੀਂ ਸਿਰਜਣਾ ਅਤੇ ਮਾਨਸਿਕ ਰੋਗਾਂ ਦਾ ਡੂੰਘਾ ਸਬੰਧ ਹੈ। ਆਮ ਆਬਾਦੀ ਵਿੱਚ ਮਾਨਸਿਕ ਰੋਗੀ ਸਿਰਫ਼ 5% ਹੁੰਦੇ ਹਨ, ਪਰ ਲੇਖਕਾਂ-ਲੇਖਿਕਾਵਾਂ, ਕਵੀ-ਕਵਿਤਰੀਆਂ, ਸਟੇਜੀ ਜਾਂ ਫਿਲਮੀ ਕਲਾਕਾਰਾਂ ਵਿੱਚ ਮਾਨਸਿਕ ਬਿਮਾਰਾਂ ਦੀ ਗਿਣਤੀ 30% ਤੋਂ 50% ਤੱਕ ਵੀ ਦੇਖੀ ਗਈ ਹੈ। ਕੰਮ ਦਾ ਬੋਝ, ਕੰਮ ਮਿਲਣ ਦੀ ਅਸਥਿਰਤਾ, ਭਵਿੱਖ ਦੀ ਅਨਿਸ਼ਚਤਾ, ਸਾਥੀਆਂ ਨਾਲ ਮੁਕਾਬਲੇਬਾਜ਼ੀ ਅਤੇ ਸ਼ੱਕੀ ਸੁਭਾਅ ਇਨ੍ਹਾਂ ਨੂੰ ਮਾਨਸਿਕ ਵਿਕਾਰਾਂ ਵੱਲ ਲੈ ਜਾਂਦੇ ਹਨ। ਬਹੁਤ ਧਨਵਾਨ ਤੇ ਮਹਾਨ ਔਰਤਾਂ ਵੀ ਗਹਿਰੀ ਉਦਾਸੀ ਵਿੱਚ ਘਿਰੀਆਂ ਵੇਖੀਆਂ ਗਈਆਂ ਹਨ। ਇਹ ਲੋਕ ਆਪਣੇ ਆਪ ਨੂੰ ਠੀਕ ਕਰਨ ਵਿੱਚ ਵੀ ਆਮ ਲੋਕਾਂ ਨਾਲੋਂ ਹੁਸ਼ਿਆਰ ਹੁੰਦੇ ਹਨ ਤੇ ਜਲਦੀ ਸੰਭਲ ਜਾਂਦੇ ਹਨ ਕਿਉਂਕਿ ਇਨ੍ਹਾਂ ਕੋਲ ਸਾਧਨ ਤੇ ਆਰਥਿਕ ਸਮਰੱਥਾ ਵੀ ਵੱਧ ਹੁੰਦੀ ਹੈ। ਆਮ ਜਨਤਾ ਲਈ ਇਹ ਵਿਕਾਰ ਵੱਡੀ ਸਮੱਸਿਆ ਬਣ ਜਾਂਦੇ ਹਨ।
ਔਰਤਾਂ ਵਿੱਚ ਬਹੁਤੇ ਮਾਨਸਿਕ ਵਿਕਾਰ ਜਾਂ ਰੋਗ ਚਿੰਤਾ/ਘੋਰ ਉਦਾਸੀ ਤੋਂ ਹੀ ਸ਼ੁਰੂ ਹੁੰਦੇ ਹਨ। ਫਿਰ ਹੌਲੀ ਹੌਲੀ ਖਾਣ ਪੀਣ ਨਾਲ ਸਬੰਧਤ ਵਿਕਾਰ, ਸ਼ਖ਼ਸੀਅਤ ਸਬੰਧੀ ਵਿਕਾਰ, ਹਿਸਟੀਰੀਆ, ਬਾਈ-ਪੋਲਰ, ਭਰਮ ਰੋਗ ਅਤੇ ਸਕਿਜ਼ੋਫਰੇਨੀਆ ਵਰਗੇ ਮਾਨਸਿਕ ਰੋਗਾਂ ਤੱਕ ਪਹੁੰਚ ਸਕਦੇ ਹਨ। ਮਨੋਵਿਗਿਆਨੀ ਸਾਧਾਰਨ ਰੋਗਾਂ ਨੂੰ ਤਾਂ ਰੋਗੀ ਨਾਲ ਵਾਰਤਾਲਾਪ (ਮਨੋ-ਵਿਸ਼ਲੇਸ਼ਣ) ਕਰਕੇ ਹੀ ਉਨ੍ਹਾਂ ਦੇ ਅੰਦਰ ਬਣੀਆਂ ਮਾਨਸਿਕ ਗੁੰਝਲਾਂ ਨੂੰ ਸੁਲਝਾ ਕੇ ਠੀਕ ਕਰ ਦਿੰਦੇ ਹਨ। ਘੋਰ ਉਦਾਸੀ ਅਤੇ ਵੱਡੀਆਂ ਵੱਡੀਆਂ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦੀ ਮਦਦ ਲੈਂਦੇ ਹਨ। ਜ਼ਿਆਦਾ ਗੰਭੀਰ ਮਾਨਸਿਕ ਰੋਗਾਂ ਲਈ ਕਈ ਵਾਰੀ ਬਿਜਲੀ ਦੇ ਹਲਕੇ ਝਟਕੇ ਵੀ ਦੇਣੇ ਪੈਂਦੇ ਹਨ। ਜੇਕਰ ਪ੍ਰਾਣੀ ਆਪ ਹੀ ਆਪਣੇ ਆਪ ਨੂੰ ਸਮਝ ਕੇ ਆਪਣੇ ਆਪ ਨੂੰ ਮਾਨਸਿਕ ਰੋਗਾਂ ਤੋਂ ਬਚਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਹਰ ਰੋਜ਼ ਬਣਦੀ ਕਸਰਤ ਕਰਨੀ ਜ਼ਰੂਰੀ ਹੈ। ਸਕਾਰਾਤਮਕ ਵਿਚਾਰ, ਸਾਦਾ ਤੇ ਪੌਸ਼ਟਿਕ ਭੋਜਨ, ਕਾਫ਼ੀ ਮਾਤਰਾ ਵਿੱਚ ਸਾਫ਼ ਪਾਣੀ ਦਾ ਸੇਵਨ ਅਤੇ ਲੋੜੀਂਦੀ ਵਧੀਆ ਨੀਂਦ ਆਮ ਮਨੁੱਖ ਨੂੰ ਮਾਨਸਿਕ ਰੋਗਾਂ ਤੋਂ ਬਚਾ ਸਕਦੀ ਹੈ।

Advertisement

ਸੰਪਰਕ: 98726-73703

Advertisement
Advertisement