ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਆਂਗਣਵਾੜੀ-ਕਮ-ਕਰੈਚ ਖੋਲ੍ਹਿਆ
ਸਰਬਜੀਤ ਸਿੰਘ ਭੱਟੀ
ਅੰਬਾਲਾ, 29 ਜਨਵਰੀ
ਡਿਪਟੀ ਕਮਿਸ਼ਨਰ ਅੰਬਾਲਾ ਪਾਰਥ ਗੁਪਤਾ ਨੇ ਅੱਜ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਆਂਗਨਵਾੜੀ ਕਮ ਕਰੈਚ ਸੈਂਟਰ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿੱਟਾਂ ਵੀ ਵੰਡੀਆਂ ਅਤੇ ਬੱਚਿਆਂ ਨਾਲ ਕੇਕ ਕੱਟ ਕੇ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ। ਸ੍ਰੀ ਗੁਪਤਾ ਨੇ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਇੱਥੇ ਬੱਚਿਆਂ ਨੂੰ ਪ੍ਰਾਪਤ ਹੋਣ ਵਾਲੀਆਂ ਸਹੂਲਤਾਂ, ਸਟਾਫ ਦੀ ਗਿਣਤੀ ਅਤੇ ਇੱਥੇ ਆ ਸਕਣ ਵਾਲੇ ਬੱਚਿਆਂ ਦੀ ਉਮਰ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਮੀਕਸ਼ਾ ਰੰਗਾ ਨੇ ਦੱਸਿਆ ਕਿ ਜ਼ਿਲ੍ਹਾ ਅੰਬਾਲਾ ਵਿੱਚ ਪਹਿਲਾਂ ਹੀ ਅੱਠ ਕਰੈਚ ਸੈਂਟਰ ਹਨ ਅਤੇ ਅੱਜ ਇਸ ਨਵੇਂ ਸੈਂਟਰ ਦੇ ਸ਼ੁਰੂ ਹੋਣ ਨਾਲ ਇਨ੍ਹਾਂ ਦੀ ਗਿਣਤੀ 9 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੁਪਰਵਾਈਜ਼ਰ ਨੂੰ ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ 1500 ਰੁਪਏ ਮਹੀਨਾ ਤੇ ਹੈਲਪਰ ਨੂੰ 750 ਰੁਪਏ ਮਹੀਨਾ ਦਿੱਤੇ ਜਾਣਗੇ। ਸ ਮੌਕੇ ਆਂਗਨਵਾੜੀ ਸੁਪਰਵਾਈਜ਼ਰ ਦਿਪਾਂਸ਼ੂ, ਵਰਕਰ ਰੂਬੀ, ਅਤੇ ਪ੍ਰਥਮ ਫਾਊਂਡੇਸ਼ਨ ਤੋਂ ਰਜਤ, ਬਰਖਾ, ਰਿਤੂ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।