ਮਹਿਲਾ ਦੀ ਮੌਤ: ਪੰਜਾਬ ਦੇ ਡੀਜੀਪੀ ਨੂੰ ਸਿਟ ਕਾਇਮ ਕਰਨ ਦੇ ਨਿਰਦੇਸ਼
ਨਵੀਂ ਦਿੱਲੀ, 28 ਮਾਰਚ
ਸੁਪਰੀਮ ਕੋਰਟ ਨੇ ਮਹਿਲਾ ਦੀ ਉਸ ਦੇ ਪਤੀ ਅਤੇ ਪ੍ਰੇਮੀ ਵੱਲੋਂ ਕਥਿਤ ਤੌਰ ’ਤੇ ਹੱਤਿਆ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਪੁਲੀਸ ਦੇ ਡੀਜੀਪੀ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ’ਤੇ ਆਧਾਰਿਤ ਬੈਂਚ ਨੇ ਪੀੜਤਾ ਦੇ ਪਿਤਾ ਵੱਲੋਂ ਜਵਾਈ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਪਾਈ ਗਈ ਅਰਜ਼ੀ ’ਤੇ ਸੁਣਵਾਈ ਕਰਦਿਆਂ ਡੀਜੀਪੀ ਨੂੰ ਹੁਕਮ ਦਿੱਤਾ ਕਿ ਉਹ ਦੋ ਆਈਪੀਐੱਸ ਅਧਿਕਾਰੀਆਂ ਅਤੇ ਇਕ ਮਹਿਲਾ ਅਫ਼ਸਰ ’ਤੇ ਆਧਾਰਿਤ ਤਿੰੰਨ ਮੈਂਬਰੀ ਸਿਟ ਕਾਇਮ ਕਰਨ। ਬੈਂਚ ਨੇ ਸਿਟ ਨੂੰ ਤਿੰਨ ਮਹੀਨਿਆਂ ’ਚ ਜਾਂਚ ਮੁਕੰਮਲ ਕਰਕੇ ਮਾਮਲੇ ਦਾ ਨਿਬੇੜਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪੰਜ ਸਾਲ ਪਹਿਲਾਂ ਵਾਪਰੀ ਘਟਨਾ ਸਬੰਧੀ ਜਾਂਚ ਅੱਗੇ ਨਾ ਵਧਣ ਦਾ ਨੋਟਿਸ ਲੈਂਦਿਆਂ ਮਹਿਲਾ ਦੀ ‘ਗ਼ੈਰ-ਕੁਦਰਤੀ ਮੌਤ’ ਦੀ ਜਾਂਚ ਲਈ ਸਿਟ ਬਣਾਉਣ ’ਤੇ ਜ਼ੋਰ ਦਿੱਤਾ। ਪੀੜਤਾ ਦੇ ਪਿਤਾ ਵੱਲੋਂ ਪੇਸ਼ ਹੋਏ ਵਕੀਲਾਂ ਵਿਸ਼ਵਜੀਤ ਸਿੰਘ ਅਤੇ ਵੀਰਾ ਕੌਲ ਸਿੰਘ ਨੇ ਦਲੀਲ ਦਿੱਤੀ ਕਿ ਹਾਈ ਕੋਰਟ ਨੇ ਪਤੀ ਨੂੰ ਜ਼ਮਾਨਤ ਦੇਣ ’ਚ ਗਲਤੀ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਧਾਰਾ 21 ਨੂੰ ਆਧਾਰ ਬਣਾ ਕੇ ਪਤੀ ਨੂੰ 9 ਅਗਸਤ, 2021 ਨੂੰ ਜ਼ਮਾਨਤ ਦਿੱਤੀ ਸੀ। -ਪੀਟੀਆਈ