ਲੁਧਿਆਣਾ ਨਗਰ ਨਿਗਮ ਦੀ ਮੇਅਰ ਬਣੇਗੀ ਮਹਿਲਾ
ਚਰਨਜੀਤ ਭੁੱਲਰ
ਚੰਡੀਗੜ੍ਹ, 7 ਜਨਵਰੀ
ਪੰਜਾਬ ਸਰਕਾਰ ਵੱਲੋਂ ਅੱਜ ਨਗਰ ਨਿਗਮਾਂ ਦੇ ਮੇਅਰ ਦੇ ਅਹੁਦੇ ਲਈ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾਂ ਕੀਤਾ ਗਿਆ ਹੈ, ਜਦਕਿ ਨਗਰ ਨਿਗਮ ਪਟਿਆਲਾ, ਫਗਵਾੜਾ, ਜਲੰਧਰ ਤੇ ਅੰਮ੍ਰਿਤਸਰ ਦੇ ਮੇਅਰ ਦਾ ਅਹੁਦਾ ਜਨਰਲ ਰੱਖਿਆ ਗਿਆ ਹੈ। 21 ਦਸੰਬਰ ਨੂੰ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ। ਪੰਜਾਬ ਸਰਕਾਰ ਨੇ 17 ਦਿਨਾਂ ਬਾਅਦ ਅੱਜ ਮੇਅਰ ਦੇ ਰਾਖਵੇਂਕਰਨ ਦਾ ਫ਼ੈਸਲਾ ਕੀਤਾ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ‘ਦਿ ਪੰਜਾਬ ਰਿਜ਼ਰਵੇਸ਼ਨ ਫਾਰ ਦਿ ਆਫ਼ੀਸਰਜ਼ ਆਫ ਮੇਅਰਜ਼ ਆਫ ਮਿਊਂਸੀਪਲ ਕਾਰਪੋਰੇਸ਼ਨ ਰੂਲਜ਼ 2017’ ਅਧੀਨ ਦਰਜ ਸ਼ਡਿਊਲ ਦੇ ਰੋਸਟਰ ਪੁਆਇੰਟ ਅਨੁਸਾਰ ਇਹ ਰਾਖਵਾਂਕਰਨ ਕੀਤਾ ਹੈ। ਬੇਸ਼ੱਕ ਚੋਣ ਨਤੀਜੇ 21 ਦਸੰਬਰ ਨੂੰ ਆ ਗਏ ਸਨ ਪਰ ਇਨ੍ਹਾਂ ਨਿਗਮਾਂ ਦੇ ਮੇਅਰਾਂ ਦਾ ਫ਼ੈਸਲਾ ਅੱਧ ਵਿਚਾਲੇ ਲਟਕਿਆ ਹੋਇਆ ਹੈ।
ਨਗਰ ਨਿਗਮ ਪਟਿਆਲਾ ਦੀ ਚੋਣ ’ਚ ‘ਆਪ’ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਹੋਇਆ ਹੈ, ਜਦਕਿ ਬਾਕੀ ਜਲੰਧਰ ਅਤੇ ਲੁਧਿਆਣਾ ਨਿਗਮ ਦੀ ਚੋਣ ਵਿੱਚ ‘ਆਪ’ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਉੱਭਰੀ ਹੈ। ਅੰਮ੍ਰਿਤਸਰ ਅਤੇ ਫਗਵਾੜਾ ਵਿਚ ਕਾਂਗਰਸ ਬਹੁਮਤ ਦੇ ਨੇੜੇ ਢੁਕੀ ਹੈ। ਪਟਿਆਲਾ ’ਚ 53 ਵਾਰਡਾਂ ਦੇ ਨਤੀਜੇ ਐਲਾਨੇ ਗਏ, ਜਿਨ੍ਹਾਂ ’ਚੋਂ 43 ਵਾਰਡਾਂ ’ਤੇ ‘ਆਪ’ ਜਿੱਤੀ ਹੈ। ਜਲੰਧਰ ਨਿਗਮ ਦੇ 85 ਵਾਰਡਾਂ ’ਚੋਂ ‘ਆਪ’ ਨੇ 38 ਸੀਟਾਂ ਹਾਸਲ ਕੀਤੀਆਂ ਹਨ। ਇਸੇ ਤਰ੍ਹਾਂ ਲੁਧਿਆਣਾ ਨਿਗਮ ’ਚ 95 ’ਚੋਂ 41 ਵਾਰਡ ‘ਆਪ’ ਨੇ ਜਿੱਤੇ ਹਨ, ਜਦਕਿ ਅੰਮ੍ਰਿਤਸਰ ਨਿਗਮ ਦੀਆਂ 85 ’ਚੋਂ 40 ਸੀਟਾਂ ’ਤੇ ਕਾਂਗਰਸ ਵੱਡੀ ਪਾਰਟੀ ਵਜੋਂ ਉੱਭਰੀ ਹੈ।
ਸਿਆਸੀ ਜੋੜ-ਤੋੜ ਲਾਉਣ ਲੱਗੀਆਂ ਸਿਆਸੀ ਧਿਰਾਂ
ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਮੇਅਰ ਬਣਾਉਣ ਲਈ ਸਿਆਸੀ ਜੋੜ-ਤੋੜ ਲਾਏ ਜਾ ਰਹੇ ਹਨ। ਸੱਤਾਧਾਰੀ ਧਿਰ ਸਾਰੇ ਸ਼ਹਿਰਾਂ ’ਚ ਆਪਣੇ ਮੇਅਰ ਬਣਾਉਣ ਲਈ ਜੁਟੀ ਹੋਈ ਹੈ। ਦਲ ਬਦਲੀ ਦਾ ਦੌਰ ਵੀ ਜਾਰੀ ਹੈ। ਲੁਧਿਆਣਾ ’ਚ ਇੱਕ ਕੌਂਸਲਰ ਇੱਕੋ ਦਿਨ ’ਚ ਕਈ ਵਾਰ ਪਾਰਟੀ ਬਦਲ ਚੁੱਕਾ ਹੈ। ਹੁਣ ਜਦੋਂ ਸਰਕਾਰ ਨੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਕਰ ਦਿੱਤਾ ਹੈ ਤਾਂ ਆਉਂਦੇ ਦਿਨਾਂ ’ਚ ਸਿਆਸੀ ਸਰਗਰਮੀ ਹੋਰ ਜ਼ੋਰ ਫੜੇਗੀ। ਲੁਧਿਆਣਾ ਨਿਗਮ ਦੇ ਮੇਅਰ ਦੀ ਕੁਰਸੀ ’ਤੇ ਇਸਤਰੀ ਬੈਠੇਗੀ।