Woman shot dead ਹਰਿਆਣਾ: ਛੇੜਖਾਨੀ ਤੋਂ ਰੋਕਣ ’ਤੇ ਬਦਮਾਸ਼ਾਂ ਵੱਲੋਂ ਔਰਤ ਦੀ ਗੋਲੀ ਮਾਰ ਕੇ ਹੱਤਿਆ
ਟ੍ਰਿਬਿਊਨ ਨਿਊੁਜ਼ ਸਰਵਿਸ
ਗੁਰੂਗ੍ਰਾਮ, 28 ਜਨਵਰੀ
ਹਰਿਆਣਾ ਦੇ ਨੂੰਹ ਇਲਾਕੇ ਵਿੱਚ ਬਦਮਾਸ਼ਾਂ ਨੇੇ ਛੇੜਖਾਨੀ ਦਾ ਵਿਰੋਧ ਕਰਨ ’ਤੇ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਸੁੰਨਤੀ ਵਜੋਂ ਦੱਸੀ ਗਈ ਹੈ, ਜੋ ਆਪਣੇ ਪਤੀ ਨਾਲ ਖੇਤਾਂ ’ਚ ਫਸਲ ਦੀ ਸਿੰਜਾਈ ਲਈ ਗਈ ਸੀ। ਦੂਜੇ ਪਾਸੇ ਪੁਲੀਸ ਕਪਤਾਨ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਹੱਤਿਆ ਦਾ ਕੇਸ ਦਰਜ ਕਰਕੇ ਪੁਲੀਸ ਵੱਲੋਂ ਦੇਰ ਰਾਤ ਤੱਕ ਛਾਪੇ ਵੀ ਮਾਰੇ ਗਏ।
ਘਟਨਾ ਦੇ ਸਬੰਧ ’ਚ ਇਨਾਇਤ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤਾਂ ’ਚ ਸਿੰਜਾਈ ਲਈ ਰਾਤ ਸਮੇਂ ਹੀ ਬਿਜਲੀ ਸਪਲਾਈ ਮਿਲਦੀ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੁੰਨਤੀ ਨਾਲ ਰਾਤ ਨੂੰ ਖੇਤ ਗਿਆ ਸੀ। ਉਸ ਮੁਤਾਬਕ ਜਦੋਂ ਉਹ ਖੇਤ ਨੂੰ ਪਾਣੀ ਦੇ ਰਹੇ ਸਨ ਤਾਂ ਉਥੇ ਚਾਰ ਨਕਾਬਪੋਸ਼ ਬਦਮਾਸ਼ ਆਏ ਤੇ ਉਨ੍ਹਾਂ ਕੋਲੋਂ ਮੋਬਾਈਲ ਤੇ ਤਿੰਨ ਹਜ਼ਾਰ ਰੁਪਏ ਖੋਹ ਲਏ। ਬਾਅਦ ’ਚ ਬਦਮਾਸ਼ਾਂ ਨੇ ਉਸ ਦੀ ਕੋਲੋਂ ਪਤਨੀ ਕੋਲੋਂ ਗਹਿਣੇ ਮੰਗੇ, ਜਦੋਂ ਉਸ ਦੀ ਪਤਨੀ ਕੋਲੋਂ ਕੋਈ ਗਹਿਣਾ ਨਾ ਮਿਲਿਆ ਤਾਂ ਬਦਮਾਸ਼ਾਂ ਨੇ ਉਸ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਸੁੰਨਤੀ ਨੇ ਇਸ ਦਾ ਵਿਰੋਧ ਕੀਤਾ। ਉਹ ਬਦਮਾਸ਼ਾਂ ਨਾਲ ਭਿੜ ਗਈ ਤੇ ਇੱਕ ਬਦਮਾਸ਼ ਨੂੰ ਫੜ ਲਿਆ। ਇਸ ਦੌਰਾਨ ਦੂਜੇ ਬਦਮਾਸ਼ ਨੇ ਪਿੱਛੋਂ ਸੁੰਨਤੀ ਨੂੰ ਗੋਲੀ ਮਾਰ ਦਿੱਤੀ। ਪੀੜਤ ਪਰਿਵਾਰ ਨੇ ਦੱਸਿਆ ਕਿ ਸੁੰਨਤੀ ਦੇ ਛੋਟੇ-ਛੋਟੇ ਚਾਰ ਬੱਚੇ ਹਨ।
ਦੂਜੇ ਪਾਸੇ ਬਿਛੋਰ ਦੇ ਥਾਣਾ ਮੁਖੀ ਜਗਬੀਰ ਸਿੰਘ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚੀ ਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮਾਂਡੀਖੇੜਾ ਹਸਪਤਾਲ ’ਚ ਰਖਵਾਈ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।