ਮਹਿਲਾ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ, ਪੁੱਤ ਨੂੰ ਵੀ ਜ਼ਖ਼ਮੀ ਕੀਤਾ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਾਰਚ
ਇੱਥੇ ਸ਼ਹਿਰ ਦੇ ਸਮਾਣੀਆ ਗੇਟ ਇਲਾਕੇ ’ਚ ਅੱਜ ਤੜਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਔਰਤ ਦੀ ਹੱਤਿਆ ਕਰ ਦਿੱਤੀ, ਜਦੋਂਕਿ ਇਸ ਹਮਲੇ ਵਿੱਚ ਉਸ ਦਾ 20 ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਸੁਮਨ (50 ਸਾਲਾ) ਵਜੋਂ ਹੋਈ। ਇਹ ਔਰਤ ਵੱਖ-ਵੱਖ ਘਰਾਂ ’ਚ ਕੰਮ ਕਰਦੀ ਸੀ, ਜਦਕਿ ਉਸ ਦਾ ਲੜਕਾ ਚਿਕਨ ਵਾਲ਼ੀ ਇੱਕ ਰੇਹੜੀ ’ਤੇ ਕੰਮ ਕਰਦਾ ਹੈ। ਮੁੱਢਲੀ ਜਾਂਚ ਵਿੱਚ ਇਹ ਲੁੱਟ-ਖੋਹ ਦੀ ਘਟਨਾ ਮੰਨੀ ਰਹੀ ਹੈ। ਇਹ ਪਰਿਵਾਰ ਕਾਫ਼ੀ ਗ਼ਰੀਬ ਹੈ। ਪਤਾ ਚੱਲਿਆ ਹੈ ਕਿ ਉਨ੍ਹਾਂ ਵੱਲੋਂ ਪਲਾਟ ਲੈਣ ਲਈ ਕੁਝ ਨਗਦੀ ਜੋੜੀ ਸੀ। ਸ਼ਾਇਦ ਉਹ ਹੀ ਇਸ ਘਟਨਾ ਦਾ ਕਾਰਨ ਬਣੀ ਹੋ ਸਕਦੀ ਹੈ।
ਸੂਚਨਾ ਮਿਲਣ ਮਗਰੋਂ ਡੀਐੱਸਪੀ ਸਤਿਨਾਮ ਸਿੰਘ ਸੰਘਾ, ਸੀਆਈਏ ਸਟਾਫ਼ ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਸਪੈਸ਼ਲ ਸੈੱਲ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਸਮੇਤ ਹੋਰ ਪੁਲੀਸ ਮੁਲਾਜ਼ਮ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜ਼ਖ਼ਮੀ ਨੌਜਵਾਨ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਉਸ ਦੇ ਸਿਰ ਸਮੇਤ ਹੋਰ ਥਾਈਂ ਤੇਜ਼ਧਾਰ ਹਥਿਆਰਾਂ ਦੇ ਜ਼ਖ਼ਮ ਹਨ। ਡੀਐਸਪੀ ਸਤਿਨਾਮ ਸਿੰਘ ਸੰਘਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।