ਖੰਨਾ ਵਿੱਚ ਔਰਤ ਦਾ ਕਤਲ
ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਅਕਤੂਬਰ
ਖੰਨਾ ਦੇ ਉੱਚਾ ਵਿਹੜਾ ਖੇਤਰ ਵਿੱਚ ਬੀਤੀ ਰਾਤ ਘਰ ਵਿੱਚ ਰਹਿੰਦੀ ਔਰਤ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲੀਸ ਨੇ ਕੁਝ ਘੰਟਿਆਂ ਵਿੱਚ ਕਤਲ ਕਰਨ ਵਾਲੀ ਔਰਤ ਨੂੰ ਕਾਬੂ ਕਰਕੇ ਉਸ ਕੋਲੋਂ ਗਹਿਣੇ ਅਤੇ ਨਕਦੀ ਬਰਾਮਦ ਕਰ ਲਈ ਹੈ। ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਸਪੈਸ਼ਲ ਟੀਮ ਦਾ ਗਠਨ ਕਰਕੇ ਪੜਤਾਲ ਆਰੰਭ ਸੀ।
ਜਾਣਕਾਰੀ ਅਨੁਸਾਰ ਕਮਲੇਸ਼ ਰਾਣੀ ਆਪਣੇ ਘਰ ਵਿੱਚ ਇਕੱਲੀ ਸੀ ਅਤੇ ਉਸ ਦੇ ਦੋਵੇਂ ਪੁੱਤਰ ਰੋਜ਼ਾਨਾ ਵਾਂਗ ਸ਼ਾਮ 7 ਵਜੇ ਇੱਥੋਂ ਦੀ ਜੀਟੀਬੀ ਮਾਰਕੀਟ ਵਿੱਚ ਫਾਸਟ ਫੂਡ ਦਾ ਕੰਮ ਕਰਨ ਗਏ ਹੋਏ ਸਨ। ਜਦੋਂ ਦੋਵੇਂ ਭਰਾ ਭਰਤ ਕੌਸ਼ਲ ਅਤੇ ਕਰਨ ਰਾਤ ਕਰੀਬ 11.30 ਵਜੇ ਕੰਮ ਤੋਂ ਪਰਤੇ ਤਾਂ ਦੇਖਿਆ ਕਿ ਅੰਦਰ ਮਾਂ ਖੂਨ ਨਾਲ ਲੱਥਪੱਥ ਲਾਸ਼ ਪਈ ਸੀ।
ਕੀ ਕਹਿੰਦੇ ਨੇ ਐੱਸਐੱਸਪੀ ਅਸ਼ਵਨੀ ਗੋਟਿਆਲ
ਐੱਸਐੱਸਪੀ ਅਨੁਸਾਰ ਤਫਤੀਸ਼ ਕਰਨ ’ਤੇ ਪਤਾ ਲੱਗਿਆ ਕਿ ਕਾਤਲ ਔਰਤ ਸ਼ਾਨ ਅਬਾਸ ਦਾ ਮ੍ਰਿਤਕਾ ਕਮਲੇਸ਼ ਰਾਣੀ ਨਾਲ ਕਾਫੀ ਸਮੇਂ ਤੋਂ ਸਹਿਚਾਰ ਸੀ ਅਤੇ ਅਕਸਰ ਉਹ ਉਸ ਦੇ ਘਰ ਵਿੱਚ ਆਉਂਦੀ ਜਾਂਦੀ ਸੀ। ਬੀਤੀ ਰਾਤ ਉਹ ਕਰੀਬ 8 ਵਜੇ ਕਮਲੇਸ਼ ਰਾਣੀ ਕੋਲ ਆਈ ਤੇ 9.30 ਵਜੇ ਵਾਰਦਾਤ ਕਰਨ ਮਗਰੋਂ ਘਰ ਤੋਂ ਬਾਹਰ ਨਿਕਲੀ। ਇਹ ਜਾਣਕਾਰੀ ਸੀਸੀਟੀਵੀ ਕੈਮਰਿਆਂ ਤੋਂ ਮਿਲੀ।