ਕੈਂਟਰ ਦੀ ਫੇਟ ਵੱਜਣ ਕਾਰਨ ਮਹਿਲਾ ਹਲਾਕ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 29 ਮਾਰਚ
ਪੀਐੱਨਬੀ ਬੈਂਕ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕੈਟਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਕਰਸ਼ ਸਿੰਘ ਵਾਸੀ ਦੱਪਰ ਕਲੋਨੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਾਜਸਥਾਨ ਲਿਕਰ ਲਿਮਟਿਡ ਫੈਕਟਰੀ ਪਿੰਡ ਹਰੀਪੁਰ ਹਿੰਦੂਆ ਵਿਖੇ ਬਤੌਰ ਸੁਪਰਵਾਇਜ਼ਰ ਨੌਕਰੀ ਕਰਦਾ ਹੈ। ਉਸ ਦੀ ਘਰਵਾਲੀ ਕਾਜਲ (24) ਵੀ ਉਸ ਦੇ ਨਾਲ ਹੀ ਫੈਕਟਰੀ ਵਿੱਚ ਨੌਕਰੀ ਕਰਦੀ ਸੀ। ਉਹ ਬੀਤੀ 27 ਮਾਰਚ ਦੀ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਪਤਨੀ ਨਾਲ ਫੈਕਟਰੀ ਤੋਂ ਛੁੱਟੀ ਹੋਣ ਮਗਰੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਹੇ ਸੀ। ਜਦੋਂ ਉਹ ਪੀਐੱਨਬੀ ਬੈਂਕ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕੈਂਟਰ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੌਰਾਨ ਉਹ ਮੋਟਰਸਾਈਕਲ ਸਣੇ ਦੋਵੇਂ ਸੜਕ ਤੇ ਡਿੱਗ ਗਏ। ਉਹ ਸੜਕ ਦੇ ਕੱਚੇ ਪਾਸੇ ਡਿੱਗ ਪਿਆ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਪਰ ਉਸ ਦੀ ਪਤਨੀ ਕਾਜਲ ਸੜਕ ਦੇ ਵਿਚਾਲੇ ਡਿੱਗ ਗਈ, ਜਿਸ ਦੇ ਸਿਰ ਤੇ ਸਰੀਰ ’ਤੇ ਕਾਫੀ ਗੰਭੀਰ ਸੱਟਾਂ ਲੱਗੀਆ। ਉਹ ਜ਼ਖਮੀ ਆਪਣੀ ਘਰਵਾਲੀ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ, ਜਿੱਥੇ ਕਾਜਲ ਦੀ ਮੌਤ ਹੋ ਗਈ। ਕੈਂਟਰ ਚਾਲਕ ਦੀ ਪਛਾਣ ਮੋਹਨ ਲਾਲ ਵਾਸੀ ਪਿੰਡ ਬਿੱਟਾ ਜ਼ਿਲ੍ਹਾ ਅੰਬਾਲਾ ਹਰਿਆਣਾ ਵਜੋਂ ਹੋਈ। ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।