ਚੱਲਦੀ ਬੱਸ ’ਚੋਂ ਛਾਲ ਮਾਰਨ ਕਾਰਨ ਔਰਤ ਜ਼ਖ਼ਮੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਜੁਲਾਈ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਭੁੱਚੋ ਕੈਂਚੀਆਂ ਬੱਸ ਅੱਡੇ ਤੋਂ ਪੀਆਰਟੀਸੀ ਦੀ ਬੱਸ ਵਿੱਚ ਚੜ੍ਹੀ ਇੱਕ ਔਰਤ ਨੇ ਉਸ ਸਮੇਂ ਚੱਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ, ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਦੀਆਂ ਔਰਤਾਂ ਭੀੜ ਕਾਰਨ ਬੱਸ ਵਿੱਚ ਨਹੀਂ ਚੜ੍ਹ ਸਕੀਆਂ। ਉਸ ਨੇ ਬੱਸ ਚਾਲਕ ਜਾਂ ਕੰਡਕਟਰ ਨੂੰ ਬੱਸ ਰੋਕਣ ਲਈ ਨਹੀਂ ਕਿਹਾ। ਇਸ ਗੱਲ ਦੀ ਪੁਸ਼ਟੀ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਵੀ ਕੀਤੀ। ਜ਼ਖ਼ਮੀ ਔਰਤ ਨੂੰ ਬੱਸ ਚਾਲਕ ਕਸ਼ਮੀਰ ਚੰਦ ਅਤੇ ਕੰਡਕਟਰ ਨੇ ਤੁਰੰਤ ਆਦੇਸ਼ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਡਿੱਪੂ ਦੀ ਬੱਸ (ਨੰਬਰ ਪੀਬੀ 65 ਬੀਬੀ 7984) ਨੂੰ ਲੈ ਕੇ ਫਾਜ਼ਿਲਕਾ ਤੋਂ ਚੱਲੇ ਸਨ ਅਤੇ ਅੱਗੇ ਚੰਡੀਗੜ੍ਹ ਜਾਣਾ ਸੀ। ਜ਼ਖ਼ਮੀ ਔਰਤ ਨੂੰ ਹਸਪਤਾਲ ਛੱਡਣ ਕਾਰਨ ਉਨ੍ਹਾਂ ਦਾ ਰੂਟ ਟਾਈਮ ਵੀ ਮਿਸ ਹੋ ਗਿਆ। ਸਵਾਰੀਆਂ ਨੂੰ ਹੋਰ ਬੱਸ ਵਿੱਚ ਚੜ੍ਹਾਉਣਾ ਪੈ ਗਿਆ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦਿੱਤੇ ਜਾਣ ਕਾਰਨ ਬੱਸਾਂ ਵਿੱਚ ਬੇਹੱਦ ਭੀੜ ਹੋ ਜਾਂਦੀ ਹੈ। ਜ਼ਿਆਦਾ ਸਵਾਰੀਆਂ ਚੜ੍ਹਨ ਤੋਂ ਰੋਕਣ ’ਤੇ ਵੀ ਔਰਤਾਂ ਧੱਕੇ ਨਾਲ ਚੜ੍ਹ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ 52 ਸੀਟਾਂ ਵਾਲੀ ਬੱਸ ਵਿੱਚ 150 ਦੇ ਕਰੀਬ ਸਵਾਰੀਆਂ ਚੜ੍ਹ ਜਾਂਦੀਆਂ ਹਨ।