ਤੇਜ਼ਾਬ ਪਾਏ ਜਾਣ ਕਾਰਨ ਜ਼ਖ਼ਮੀ ਹੋਈ ਔਰਤ ਦੀ ਪੀਜੀਆਈ ਵਿੱਚ ਮੌਤ
ਪੱਤਰ ਪ੍ਰੇਰਕ
ਪਾਤੜਾਂ, 26 ਜੁਲਾਈ
ਪਤੀ ਵੱਲੋਂ ਤੇਜ਼ਾਬ ਪਾਏ ਜਾਣ ਕਾਰਨ ਜ਼ਖ਼ਮੀ ਹੋਈ ਔਰਤ ਨੇ ਅੱਜ ਪੀਜੀਆਈ ਚੰਡੀਗੜ੍ਹ ਵਿੱਚ ਦਮ ਤੋੜ ਦਿੱਤਾ। ਪਾਤੜਾਂ ਪੁਲੀਸ ਨੇ ਇਸ ਮਾਮਲੇ ਸਬੰਧੀ ਪਹਿਲਾਂ ਤੋਂ ਦਰਜ ਕੇਸ ਦੀਆਂ ਧਾਰਾਵਾਂ ਵਿੱਚ ਵਾਧਾ ਕਰ ਕੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਥਾਣਾ ਪਾਤੜਾਂ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਮੁਤਾਬਕ, ਮਰਨ ਤੋਂ ਪਹਿਲਾਂ ਬਲਜੀਤ ਕੌਰ ਨੇ ਆਪਣੇ ਬਿਆਨਾਂ ਵਿੱਚ ਕਿਹਾ ਸੀ ਕਿ ਉਸ ਦਾ ਪਤੀ ਨਸ਼ਿਆਂ ਦਾ ਆਦਿ ਹੈ ਅਤੇ ਉਸਦੀ ਕੁੱਟਮਾਰ ਕਰਦਾ ਰਹਿੰਦਾ ਹੈ। ਉਸ ਨੇ ਆਪਣੇ ਪੇਕਾ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਹਮੇਸ਼ਾ ਉਸਨੂੰ ਤੇਜ਼ਾਬ ਪਾ ਕੇ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਬਿਆਨਾਂ ਮੁਤਾਬਕ, ਬਲਜੀਤ ਕੌਰ ਨੇ ਦੱਸਿਆ ਸੀ ਕਿ 6 ਜੁਲਾਈ ਨੂੰ ਤੜਕੇ 3.20 ਵਜੇ ਜਦੋਂ ਉਹ ਸੁੱਤੀ ਪਈ ਸੀ ਤਾਂ ਪਤੀ ਨੇ ਉਸਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਤੇਜ਼ਾਬ ਪਾ ਦਿੱਤਾ। ਇਸ ਘਟਨਾ ਮਗਰੋਂ ਉਸ ਦੀ ਵੱਡੀ ਧੀ ਰਮਨਦੀਪ ਕੌਰ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪਾਤੜਾਂ ਦੇ ਇੱਕ ਨਿੱਜੀ ਹਸਪਤਾਲ ਤੋਂ ਮੁੱਢਲੀ ਸਹਾਇਤਾ ਦਿਵਾਉਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ। ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਦਿੱਤਾ। ਪੀਜੀਆਈ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬਲਜੀਤ ਕੌਰ ਨੇ ਦਮ ਤੋੜ ਦਿੱਤਾ। ਪੁਲੀਸ ਨੇ ਮ੍ਰਿਤਕਾ ਦੇ ਪਤੀ ਬੂਟਾ ਸਿੰਘ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸ ਦੀਆਂ ਧਾਰਾਵਾਂ ਵਿਚ ਵਾਧਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।