ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਔਰਤ
ਦਵਿੰਦਰ ਕੌਰ ਖੁਸ਼ ਧਾਲੀਵਾਲ
ਗੁਰਬਾਣੀ ਦਾ ਪ੍ਰਧਾਨ ਵਿਸ਼ਾ-ਵਸਤੂ ਭਾਵੇਂ ਅਧਿਆਤਮਕ ਜਾਂ ਪਰਮਾਰਥਕ ਹੈ ਪਰ ਸਿੱਖ ਗੁਰੂਆਂ ਨੇ ਆਪਣੇ ਸਮੇਂ ਦੇ ਸਮਾਜ ਵਿਚ ਫੈਲੀਆਂ ਅਮਾਨਵਤਾਵਾਦੀ ਕੁਰੀਤੀਆਂ ਅਤੇ ਵਿਹਾਰ ਵਿਰੁੱਧ ਪੁਰਜ਼ੋਰ ਆਵਾਜ਼ ਉਠਾਈ। ਸਮਾਜ ਦੇ ਵਾਤਾਵਰਨ ਨੂੰ ਸਰਲ ਅਤੇ ਸੁੰਦਰ ਬਣਾਉਣ ਅਤੇ ਚੰਗੇਰੇ ਪਰਿਵਾਰਕ ਤੇ ਸਮਾਜਿਕ ਜੀਵਨ ਲਈ ਸੇਧਾਂ ਵੀ ਦਿੱਤੀਆਂ ਕਿਉਂਕਿ ਮਨੁੱਖ ਦੇ ਆਤਮ-ਵਿਕਾਸ ਲਈ ਸੁਖਾਵਾਂ ਸਮਾਜਿਕ ਜੀਵਨ ਜ਼ਰੂਰੀ ਹੈ। ਸਿਹਤਮੰਦ ਸਮਾਜ ਦੀ ਸਥਾਪਨਾ ਲਈ ਗੁਰੂ ਸਾਹਿਬਾਨ ਨੇ ਪ੍ਰਾਣੀ ਨੂੰ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਕ ਤੌਰ ’ਤੇ ਸੁਚੇਤ ਹੋਣ ਲਈ ਪ੍ਰੇਰਿਆ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਨਾਰੀ ਵਰਗ ਜੋ ਸਮਾਜ ਦਾ ਅੱਧਾ ਅੰਗ ਹੈ, ਜੇ ਉਸ ਨੂੰ ਸਮਾਜ ਵਿਚ ਚੰਗਾ ਸਥਾਨ ਪ੍ਰਾਪਤ ਨਹੀ ਹੈ ਤਾਂ ਸਮਾਜ ਕਿਵੇਂ ਪ੍ਰਫੁਲਤ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਵੇਂ ਕਿਸੇ ਵੀ ਔਰਤ ਭਗਤ ਦੀ ਬਾਣੀ ਨਹੀਂ ਹੈ
ਅਤੇ ਵਿਸ਼ਾ-ਵਸਤੂ ਨੂੰ ਮੁੱਖ ਤੌਰ ’ਤੇ ‘ਪੁਰਸ਼ ਦ੍ਰਿਸ਼ਟੀ’ (male perspective) ਤੋਂ ਹੀ ਪੇਸ਼ ਕੀਤਾ ਗਿਆ ਹੈ ਪਰ ਗੁਰੂ ਸਾਹਿਬਾਨ ਦੇ ਔਰਤਾਂ ਦੀ ਮੁਕਤੀ ਤੇ ਸਮਾਨਤਾ ਬਾਰੇ ਵਿਚਾਰ ਹਨ।
ਗੁਰੂ ਕਾਲ ਤੋਂ ਪਹਿਲਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਨਾਰੀ ਦੀ ਦਸ਼ਾ ਚੰਗੀ ਨਹੀਂ ਸੀ। ਮਰਦ ਨਾਲੋਂ ਇਸਤਰੀ ਦਾ ਦਰਜਾ ਨੀਵਾਂ ਸਮਝਿਆ ਜਾਂਦਾ ਸੀ ਜਿਸ ਦੇ ਸਿੱਟੇ ਵਜੋਂ ਉਸ ਨੂੰ ਜੀਵਨ ਦੇ ਸਭ ਪੱਖਾਂ ਤੋਂ ਮਰਦ ਦੇ ਬਰਾਬਰ ਹੱਕ ਪ੍ਰਾਪਤ ਨਹੀਂ ਸਨ। ਆਦਮੀ ਉਸ ਨੂੰ ਆਪਣੀ ਮਲਕੀਅਤ ਤੋਂ ਵੱਧ ਹੋਰ ਕੁਝ ਨਹੀਂ ਸਮਝਦਾ। ਉਸ ਸਮੇਂ ਦੇਸ਼ ਵਿਚ ਪ੍ਰਚਲਿਤ ਭਾਰਤੀ ਤੇ ਸਾਮੀ, ਦੋਵੇਂ ਪਰੰਪਰਾਵਾਂ ਇਸਤਰੀ ਜਾਤੀ ਨੂੰ ਤ੍ਰਿਸਕਾਰ ਰਹੀਆਂ ਸਨ। ਮੱਧ ਕਾਲੀ ਭਾਰਤ ਵਿਚ ਭਾਰਤੀ ਤੇ ਸਾਮੀ ਸਭਿਆਚਾਰਾਂ ਅਤੇ ਰਾਜਨੀਤਕ ਹਾਲਤ ਤੇ ਪੁਰਖ ਇਸਤਰੀ ਵਿਤਕਰੇ ਨੇ ਔਰਤਾਂ ਨੂੰ ਬੁਰਕੇ ਵਿਚ ਲਪੇਟਣਾ, ਘੁੰਢ ਵਿਚ ਬੰਦ ਕਰਨਾ, ਪਤੀ ਦੇ ਮਰਨ ਉਤੇ ਇਸਤਰੀ ਨੂੰ ਮਚਦੀ ਚਿਤਾ ਵਿਚ ਸਤੀ ਕਰਨਾ, ਕੁੜੀਆਂ ਨੂੰ ਵੇਚਣਾ, ਛੋਟੀ ਉਮਰ ਵਿਚ ਵਿਆਹ ਦੇਣਾ ਜਾਂ ਜੰਮਦਿਆਂ ਮਾਰ ਦੇਣਾ ਆਦਿ ਘਿਨਾਉਣੀਆਂ ਕੁਰੀਤੀਆਂ ਵਿਚ ਫਸਾ ਦਿੱਤਾ ਸੀ। ਸਿੱਖ ਗੁਰੂਆਂ ਨੇ ਇਸਤਰੀ ਦੀ ਇਸ ਦਸ਼ਾ ਨੂੰ ਦੇਖ ਕੇ ਇਸ ਦੀ ਸਿਰਫ ਨਿੰਦਾ ਨਹੀਂ ਕੀਤੀ ਬਲਕਿ
ਸਿੱਖ ਸਭਿਆਚਾਰ ਵਿਚ ਇਨ੍ਹਾਂ ਲਾਹਣਤਾਂ ਨੂੰ ਦੂਰ ਕਰਨ ਦੀ ਤਾਕੀਦ ਕੀਤੀ ਅਤੇ ਲੋਕਾਂ ਨੂੰ ਸਮਝਾਇਆ ਕਿ ਇਸਤਰੀ ਤੋਂ ਹੀ ਸਾਰੇ ਜਗਤ ਦਾ ਪਸਾਰ ਹੋਇਆ ਹੈ, ਇਸਤਰੀ ਕਾਰਨ ਹੀ ਸਾਡੇ ਦੁਨਿਆਵੀ ਸਬੰਧ ਅਤੇ ਰਿਸ਼ਤੇਦਾਰੀਆਂ ਬਣੀਆਂ ਹਨ, ਇਸਤਰੀ ਤੋਂ ਬਿਨਾਂ ਮਨੁੱਖ ਅਧੂਰਾ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੇ ਬੰਧਾਨੁ॥
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਉਂ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਸ਼ੋਸ਼ਣ ਉਪਰ ਆਧਾਰਿਤ ਸਮਾਜਿਕ ਵਿਵਸਥਾ ਪ੍ਰਵਾਨ ਨਹੀਂ ਕੀਤੀ। ਗੁਰੂ ਸਾਹਿਬਾਨ ਨੇ ਇਸਤਰੀ ਨੂੰ ਮਨੁੱਖੀ ਸਮਾਜ ਵਿਚ ਨੀਵੀਂ ਸਮਝੇ ਜਾਣ ਦਾ ਵਿਰੋਧ ਹੀ ਨਹੀਂ ਕੀਤਾ ਬਲਕਿ ਆਪਣੇ ਸਮੇਂ ਵਿਚ ਪ੍ਰਚਲਿਤ ਸਤੀ ਪ੍ਰਥਾ, ਪਰਦਾ ਪ੍ਰਥਾ, ਸੂਤਕ ਆਦਿ ਦੀ ਵੀ ਨਿੰਦਾ ਕੀਤੀ। ਇਸ ਬਾਰੇ ਇਤਿਹਾਸਕਾਰਾਂ ਅਤੇ ਸਿੱਖ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ; ਗੁਰਬਾਣੀ ਵਿਚ ਵੀ ਇਸ ਦੇ ਦ੍ਰਿਸ਼ਟਾਂਤ ਹਨ। ਸਿੱਖ ਗੁਰੂਆਂ ਦੀ 15ਵੀਂ ਅਤੇ 16ਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦੀ ਕਲਪਨਾ ਇਨਕਲਾਬੀ ਸੀ। ਯੂਰੋਪ ਵਿਚ ਤਾਂ ਨਾਰੀਵਾਦੀ ਸੋਚ 18ਵੀਂ ਤੇ 19ਵੀਂ ਸਦੀ ਵਿਚ ਸ਼ੁਰੂ ਹੋਈ ਅਤੇ 20ਵੀਂ ਸਦੀ ਵਿਚ ਵਿਕਸਿਤ ਹੋਈ। ਇਸਤਰੀ ਅਤੇ ਮਰਦ ਵਿਚਕਾਰ ਵਿਤਕਰਾ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਹੁਕਮ ਦਿੱਤਾ ਸੀ ਕਿ ਇਸਤਰੀਆਂ ਪਰਦਾ ਕਰ ਕੇ ਸੰਗਤ ਵਿਚ ਨਾ ਆਉਣ ਅਤੇ ਮਾਈਆਂ ਭਾਈਆਂ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਣ। ਗੁਰੂ ਅਰਜਨ ਦੇਵ ਜੀ ਨੇ ਪਰਿਵਾਰ ਵਿਚ ਇਸਤਰੀ ਦਾ ਦਰਜਾ ਬੜਾ ਸ੍ਰੇਸ਼ਟ ਦਰਸਾਇਆ ਹੈ। ਆਪ ਜੀ ਦੇ ਬਚਨ ਹਨ:
ਸਭ ਪਰਵਾਰੈ ਮਾਹਿ ਸਰੇਸਟ॥
ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹ ਜਿਤੁ ਪ੍ਰਗਟੀ ਆਇ॥
ਜਨ ਨਾਨਕ ਸੁਖੇ ਸੁਖਿ ਵਿਹਾਇ॥
ਧਾਰਮਿਕ ਪਰੰਪਰਾ ਵਿਚ ਇਸਤਰੀ ਨੂੰ ਉਚਾ ਚੁੱਕਣ ਲਈ ਗੁਰੂ ਸਾਹਿਬ ਨੇ ਕਿਹਾ ਕਿ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਨਾ ਤਾਂ ਸੰਸਾਰ ਤਿਆਗਣ ਦੀ ਲੋੜ ਹੈ ਅਤੇ ਨਾ ਹੀ ਗ੍ਰਹਿਸਤ ਤੋਂ ਦੂਰ ਭੱਜ ਕੇ ਇਸਤਰੀ ਦੀ ਨਿੰਦਾ ਕਰਨੀ ਚਾਹੀਦੀ ਹੈ ਬਲਕਿ ਜਿਹੜੇ ਜੋਗੀ, ਤਪੀ, ਜਪੀ, ਸਨਿਆਸੀ ਇਸਤਰੀ ਦਾ ਵਿਰੋਧ ਕਰ ਕੇ ਸੰਸਾਰ ਤਿਆਗਦੇ ਹਨ, ਉਨ੍ਹਾਂ ਨੂੰ ਇਸ ਗੱਲ ਉਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਜਨਮ ਵੀ ਇਸਤਰੀ ਤੋਂ ਹੀ ਹੋਇਆ ਹੈ।
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਸਤਰੀਆਂ ਨੇ ਸਮਾਜ ਉਸਾਰੀ ਵਿਚ ਆਦਰਸ਼ ਭੂਮਿਕਾ ਨਿਭਾਈ। ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਈ ਭਾਗੋ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਅਨੇਕਾਂ ਸਿੱਖ ਔਰਤਾਂ ਸਿੱਖਾਂ ਲਈ ਪ੍ਰੇਰਨਾ ਦਾ ਸੋਮਾ ਹਨ।
ਗੁਰੂ ਸਾਹਿਬ ਨੇ ਔਰਤ ਨੂੰ ਮਰਦ ਨਾਲ ਹਰ ਪੱਖੋਂ ਬਰਾਬਰੀ ਦਾ ਦਰਜਾ ਦਿੱਤਾ। ਅਸਲ ਵਿਚ ਸਿੱਖ ਧਰਮ ਦੀ ਵਡਿਆਈ ਇਸ ਰਹੱਸ ਵਿਚ ਛੁਪੀ ਹੋਈ ਹੈ ਕਿ ‘ਮਨੁੱਖ’ ਸ਼ਬਦ ਨੂੰ ਪੁਰਖ ਤੇ ਇਸਤਰੀ ਦੋਹਾਂ ਦਾ ਲਖਾਇਕ ਦਰਸਾਇਆ ਗਿਆ ਹੈ। ਸਿੱਖ ਗੁਰੂਆਂ ਨੇ ਮਰਦ ਅਤੇ ਇਸਤਰੀ ਵਿਚ ਕੋਈ ਭੇਦ-ਭਾਵ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਇਹ ਦੋ ਨਹੀਂ, ਅਸਲ ਵਿਚ ਇਕ ਹਨ ਬਲਕਿ ਮਨੁੱਖ ਦੀ ਅਦਭੁਤ ਰਚਨਾ ਦੇ ਦੋ ਰੁੱਖ ਹਨ। ਗੁਰੂ ਰਾਮਦਾਸ ਜੀ ਨੇ ‘ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ॥’ ਆਖ ਕੇ ਨਾਰੀ ਪੁਰਖ ਦਾ ਅੰਤਰ ਹੀ ਮਿਟਾ ਦਿੱਤਾ। ਗੁਰਬਾਣੀ ਵਿਚ ਪ੍ਰਭੂ ਨੂੰ ‘ਕੰਤ’ ‘ਪਿਰ’ ਆਦਿ ਦੇ ਰੂਪ ਵਿਚ ਅਤੇ ਮਨੁੱਖੀ (ਪੁਰਸ਼ ਤੇ ਔਰਤ) ਜੀਵ ਨੂੰ ਇਸਤਰੀ ਦੇ ਰੂਪ ਵਿਚ ਦਰਸਾਇਆ ਗਿਆ ਹੈ ਜਿਸ ਦਾ ਮਕਸਦ ਹੈ ਚੰਗੇ ਗੁਣਾਂ ਵਾਲੀ ਹੋ ਕੇ ਨਾਮ ਸਿਮਰਨ ਰਾਹੀਂ ਕੰਤ ਨੂੰ ਪਾਉਣਾ:
ਨਾ ਮੈ ਕੁਲੁ ਨਾ ਸੋਭਾਵੰਤ॥
ਕਿਆ ਜਾਨਾ ਕਿਉ ਭਾਨੀ ਕੰਤ॥
ਮੋਹਿ ਅਨਾਥ ਗਰੀਬ ਨਿਮਾਨੀ॥
ਕੰਤ ਪਕਰਿ ਹਮ ਕੀਨੀ ਰਾਨੀ॥ (ਆਸਾ ਮਹਲਾ 5)
ਇਹ ਸੱਚ ਹੈ ਕਿ ਜਿਸ ਭਾਸ਼ਾ ਵਿਚ ਗੁਰਬਾਣੀ ਦੀ ਰਚਨਾ ਕੀਤੀ ਗਈ, ਉਹ ਮਰਦ ਪ੍ਰਧਾਨ ਸਮਾਜ ਦੀ ਭਾਸ਼ਾ ਸੀ। ਇਸ ਲਈ ਬਾਣੀ ਵਿਚ ਬ੍ਰਹਮ ਨੂੰ ਮਰਦ ਅਤੇ ਜੀਵ-ਆਤਮਾ ਨੂੰ ਇਸਤਰੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਮਰਦ ਤੇ ਔਰਤ ਦੇ ਰਿਸ਼ਤੇ ਨੂੰ ਮਾਲਕ ਤੇ ਦਾਸ ਵਜੋਂ ਪੇਸ਼ ਕੀਤਾ ਗਿਆ ਪਰ ਸਾਨੂੰ ਇਹ ਗੱਲ ਧਿਆਨ ਵਿਚ ਰੱਖਣਾ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਮਰਦ ਤੇ ਔਰਤ ਚਿੰਨ੍ਹ ਵਜੋਂ ਵਰਤੇ ਹਨ:
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ॥
ਗਣਤ ਗਣਾਵਣਿ ਆਈਆ ਸੂਹਾ ਵੇਸ ਵਿਕਾਰੁ॥
ਪਾਖੰਡ ਪ੍ਰੇਮ ਨ ਪਾਈਐ ਖੋਟਾ ਪਾਜੁ ਖੁਆਰ॥
ਗੁਰੂ ਸਾਹਿਬ ਨੇ ਸੁਹਾਗਣ, ਸੁਲੱਖਣੀ, ਸੁਚੱਜੀ, ਸਚਿਆਰ ਬਣਨ ਦੇ ਰਾਹ ਸੁਝਾਏ ਹਨ, ਉਹ ਸਿਰਫ ਇਸਤਰੀਆਂ ਲਈ ਹੀ ਨਹੀਂ ਬਲਕਿ ਸਮੂਹ ਮਨੁੱਖਾਂ ਲਈ ਹਨ; ਬਿਨਾਂ ਕਿਸੇ ਨਸਲ, ਰੰਗ, ਜਾਤ ਤੇ ਭੇਦਭਾਵ ਦੇ।
ਦੁਨਿਆਵੀ ਪਤੀ ਪਤਨੀ ਦਾ ਆਪਸੀ ਸਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਸ ਬਾਰੇ ਵੀ ਗੁਰੂ ਸਾਹਿਬਾਨ ਸਮਾਨਤਾ ਅਤੇ ਇਕਸੁਰਤਾ ’ਤੇ ਜ਼ੋਰ ਦਿੰਦੇ ਹਨ। ਪਤੀ ਪਤਨੀ ਦੇ ਰਿਸ਼ਤੇ ਨੂੰ ਜੋੜਨ ਵਾਲੀ ਵਿਆਹ ਦੀ ਰਸਮ ਸਿੱਖ ਸੰਸਕਾਰ ਵਿਚ ਕੰਨਿਆਦਾਨ ਨਹੀਂ ਜਿਸ ਨੂੰ ਦਾਨ ਵਿਚ ਦਿੱਤਾ ਜਾਣਾ ਚਾਹੀਦਾ ਹੈ ਬਲਕਿ ਇਸ ਨੂੰ ਅਨੰਦ ਕਾਰਜ ਕਿਹਾ ਜਾਂਦਾ ਹੈ। ਇਕ ਰਸਮ ਜੋ ਅਨੰਦ ਖੇੜਾ ਦਿੰਦੀ ਹੈ ਕਿਉਂਕਿ ਇਹ ਦੋ ਆਤਮਾਵਾਂ ਦਾ ਮਿਲਨ ਹੈ, ਜਿਨ੍ਹਾਂ ਇਕ ਗੁਰ ਜੋਤ ਦੋ ਮੂਰਤੀ ਹੋ ਕੇ ਰਹਿਣਾ ਹੈ ਤਾਂ ਜੋ ਅਸਲੀ ਪਿਆਰ ਵਾਲਾ ਸਬੰਧ ਕਾਇਮ ਹੋ ਸਕੇ, ਜਿਥੇ ਦੋਵੇਂ ਇਕ ਦੂਜੇ ਦੇ ਵਿਕਾਸ ਵਿਚ ਬਰਾਬਰ ਦੇ ਸਹਾਈ ਹੋਣ।
ਸਿਰਫ ਨਾਰੀ ਦੇ ਸੁਚੇਤ ਹੋਣ ਨਾਲ ਸਾਡੀ ਸੋਚ ਵਿਚ ਪਰਿਵਰਤਨ ਨਹੀਂ ਹੋ ਸਕਦਾ। ਇਹ ਪਰਿਵਰਤਨ ਤਾਂ ਹੀ ਸੰਭਵ ਹੈ ਜੇ ਮਰਦ ਅਤੇ ਇਸਤਰੀ ਦੋਵੇਂ ਹਰ ਭੂਮਿਕਾ, ਰਿਸ਼ਤੇ ਅਤੇ ਖੇਤਰ ਵਿਚ ਇਕ ਦੂਜੇ ਨੂੰ ਬਰਾਬਰੀ ਦਾ ਦਰਜਾ ਦੇਣ; ਇਕ ਦੂਜੇ ਦਾ ਸਤਿਕਾਰ ਕਰਨ, ਇਕ ਦੂਜੇ ਦੇ ਬਹੁਪੱਖੀ ਵਿਕਾਸ ਵਿਚ ਮਦਦ ਕਰਨ। ਸਹਿਯੋਗ, ਕੁਰਬਾਨੀ ਅਤੇ ਸਹਿ-ਹੋਂਦ ਦੀ ਸਿੱਖਿਆ ਸਿਰਫ ਧੀਆਂ ਨੂੰ ਹੀ ਨਹੀਂ ਬਲਕਿ ਪੁੱਤਰਾਂ ਨੂੰ ਵੀ ਦੇਈਏ। ਉਨ੍ਹਾਂ ਨੂੰ ਚੰਗੇ ਸੰਸਕਾਰ, ਸਕਾਰਾਤਮਕ ਸੋਚ ਦੇਈਏ। ਉਨ੍ਹਾਂ ਨੂੰ ਬਾਣੀ ਨਾਲ ਜੋੜੀਏ ਤਾਂ ਜੋ ਉਹ ਇਸ ਤੋਂ ਸੇਧ ਲੈ ਕੇ ਆਪਣੀ ਰੋਜ਼ਮੱਰਾ ਜਿ਼ੰਦਗੀ ਵਿਚ ਆਦਰਸ਼ ਮਾਨਵ ਵਾਲਾ ਜੀਵਨ ਜੀਅ ਸਕਣ।
ਸੰਪਰਕ: 88472-27740