ਇੰਸਟਾਗ੍ਰਾਮ ਫਾਲੋਅਰ ਘਟਣ ’ਤੇ ਮਹਿਲਾ ਵੱਲੋਂ ਥਾਣੇ ’ਚ ਪਤੀ ਦੀ ਸ਼ਿਕਾਇਤ, ਘਰ ਦੇ ਕੰਮ ਕਰਵਾਉਣ ਦਾ ਲਾਇਆ ਦੋਸ਼
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਜੂਨ
ਉੱਤਰ ਪ੍ਰਦੇਸ਼ ਵਿੱਚ ਸੋਸ਼ਲ ਮੀਡੀਆ ਦੀ ਲਤ ਕਾਰਨ ਪਤੀ-ਪਤਨੀ ਦਾ ਝਗੜਾ ਪੁਲੀਸ ਕੇਸ ਵਿੱਚ ਬਦਲ ਗਿਆ। ਜਦੋਂ ਪਤਨੀ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਦੀਆਂ ਘਰੇਲੂ ਕੰਮਾਂ ਸਬੰਧੀ ਮੰਗਾਂ ਕਾਰਨ ਉਹ ਇੰਸਟਾਗ੍ਰਾਮ ’ਤੇ ਸਰਗਰਮ ਨਹੀਂ ਰਹਿ ਸਕੀ। ਇੰਸਟਾਗ੍ਰਾਮ ਦੀ ਵਰਤੋ ਕਰਨ ਲਈ ਘੱਟ ਸਮਾਂ ਮਿਲਣ ਕਾਰਨ ਮਹਿਲਾ ਨੇ ਪੁਲੀਸ ਕੋਲ ਪਹੁੰਚ ਕੇ ਦਾਅਵਾ ਕੀਤਾ ਕਿ ਉਸ ਦੇ ਪਤੀ ਵੱਲੋਂ ਘਰ ਦੇ ਕੰਮ ਕਰਵਾਏ ਜਾਣ ਕਾਰਨ ਉਸ ਨੂੰ ਰੀਲਜ਼ ਬਣਾਉਣ ਦਾ ਸਮਾਂ ਨਹੀਂ ਮਿਲਿਆ।
ਨਿਊਜ਼18 ਦੀ ਇੱਕ ਰਿਪੋਰਟ ਅਨੁਸਾਰ ਯੂਪੀ ਦੇ ਹਾਪੁੜ ਜ਼ਿਲ੍ਹੇ ਦੀ ਨਿਸ਼ਾ ਦੇ ਦੋ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਘਟ ਗਈ ਜਿਸ ਕਾਰਨ ਉਸ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਅਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।
ਜ਼ਿਕਰਯੋਗ ਹੈ ਕਿ ਨਿਸ਼ਾ ਦੇ ਪਤੀ ਵਿਜੇਂਦਰ, ਜੋ ਕਿ ਨੋਇਡਾ ਦਾ ਰਹਿਣ ਵਾਲਾ ਹੈ, ਨੇ ਉਸਨੂੰ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਘੱਟ ਸਮਾਂ ਬਿਤਾਉਣ ਅਤੇ ਘਰੇਲੂ ਕੰਮਾਂ ਨੂੰ ਵਧੇਰੇ ਸਮਾਂ ਦੇਣ ਦਾ ਸੁਝਾਅ ਦਿੱਤਾ ਸੀ। ਇਸ ਸੁਝਾਅ ਕਾਰਨ ਨਿਸ਼ਾ ਨੇ ਇੰਸਟਾਗ੍ਰਾਮ ’ਤੇ ਬਿਤਾਏ ਜਾਂਦੇ ਸਮੇਂ ਨੂੰ ਕੁਝ ਸਮੇਂ ਲਈ ਸੀਮਤ ਕਰ ਦਿੱਤਾ। ਹਾਲਾਂਕਿ, ਜਦੋਂ ਉਸ ਨੇ ਦੇਖਿਆ ਕਿ ਉਸਦੇ ਦੋ ਫਾਲੋਅਰਜ਼ ਘੱਟ ਗਏ, ਤਾਂ ਗੁੱਸੇ ਵਿੱਚ ਆਈ ਨਿਸ਼ਾ ਨੇ ਆਪਣਾ ਸਮਾਨ ਬੰਨ੍ਹਿਆ ਅਤੇ ਹਾਪੁੜ ਜ਼ਿਲ੍ਹੇ ਦੇ ਪਿਲਖੂਆ ਸਥਿਤ ਆਪਣੇ ਮਾਤਾ-ਪਿਤਾ ਦੇ ਘਰ ਚਲੀ ਗਈ।
ਉੱਥੇ, ਉਸਨੇ ਹਾਪੁੜ ਦੇ ਮਹਿਲਾ ਥਾਣੇ ਵਿੱਚ ਪਹੁੰਚ ਕੀਤੀ ਅਤੇ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ। ਜਵਾਬੀ ਕਾਰਵਾਈ ਵਿੱਚ ਪਤੀ ਨੇ ਵੀ ਨਿਸ਼ਾ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਾਈ ਕਿ ਉਹ ਹਮੇਸ਼ਾ ਇੰਸਟਾਗ੍ਰਾਮ ’ਤੇ ਰੁੱਝੀ ਰਹਿੰਦੀ ਸੀ ਅਤੇ ਘਰੇਲੂ ਕੰਮਾਂ ਨੂੰ ਨਜ਼ਰਅੰਦਾਜ਼ ਕਰਦੀ ਸੀ।
ਅਖ਼ੀਰ ਪੁਲੀਸ ਪਤੀ ਪਤਨੀ ’ਚ ਕਰਵਾਈ ਸੁਲ੍ਹਾ
ਇਕ ਰਿਪੋਰਟ ਅਨੁਸਾਰ ਮਹਿਲਾ ਥਾਣਾ ਇੰਚਾਰਜ ਅਰੁਣਾ ਰਾਏ ਨੇ ਦੋਵਾਂ ਧਿਰਾਂ ਨੂੰ ਲਗਪਗ ਚਾਰ ਘੰਟੇ ਤੱਕ ਸੁਣਿਆ। ਦੋਵਾਂ ਨੂੰ ਵਿਆਹੁਤਾ ਸਦਭਾਵਨਾ ਅਤੇ ਪਰਿਵਾਰਕ ਜੀਵਨ ਦੀ ਮਹੱਤਤਾ ਬਾਰੇ ਸਮਝਾਇਆ। ਜਿਸ ਤੋਂ ਬਾਅਦ ਪਤੀ-ਪਤਨੀ ਦੋਵਾਂ ਨੇ ਲੜਾਈ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਹੁਣ ਸ਼ਾਂਤੀਪੂਰਵਕ ਰਹਿਣ ਦੀ ਕੋਸ਼ਿਸ਼ ਕਰਨ ਦਾ ਸੰਕਲਪ ਲਿਆ ਹੈ।