ਫਲੈਟ ਵਿੱਚ ਅੱਗ ਲੱਗਣ ਕਾਰਨ ਔਰਤ ਦੀ ਮੌਤ, ਦੋ ਜ਼ਖ਼ਮੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜਨਵਰੀ
ਇੱਥੇ ਬੀਤੀ ਰਾਤ ਪੱਛਮੀ ਵਿਹਾਰ ਦੇ ਪੱਛਮੀ ਪੁਰੀ ਦੇ ਨਿਊ ਸਲੱਮ ਫਲੈਟਸ ਇਲਾਕੇ ਵਿੱਚ ਫਲੈਟ ਵਿੱਚ ਅੱਗ ਲੱਗ ਗਈ। ਇਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਵਿਅਕਤੀ ਝੁਲਸ ਗਏ। ਇਹ ਘਟਨਾ ਜ਼ਮੀਨਦੋਜ਼ ਮੰਜ਼ਿਲ ਸਣੇ ਤਿੰਨ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਦੇ ਫਲੈਟ ਵਿੱਚ ਵਾਪਰੀ ਅਤੇ ਇਸ ਦੀ ਸੂਚਨਾ ਦਿੱਲੀ ਫਾਇਰ ਸਰਵਿਸਿਜ਼ ਨੂੰ ਰਾਤ 10.27 ਵਜੇ ਦੇ ਕਰੀਬ ਦਿੱਤੀ ਗਈ। ਦਿੱਲੀ ਫਾਇਰ ਸਰਵਿਸਿਜ਼ ਮੁਖੀ ਅਤੁਲ ਗਰਗ ਅਨੁਸਾਰ ਸੰਕਟ ਦੀ ਸੂਚਨਾ ਮਿਲਣ ’ਤੇ ਤੁਰੰਤ ਤਿੰਨ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਪਹਿਲਾਂ ਇਹ ਅੱਗ ਫਲੈਟ ਨੰਬਰ ਸੀ-27 ਵਿੱਚ ਘਰੇਲੂ ਸਾਮਾਨ ਤੱਕ ਸੀਮਤ ਸੀ ਪਰ ਛੇਤੀ ਹੀ ਅੱਗ ਫੈਲ ਗਈ। ਅੱਗ ਨੇ ਫਲੈਟ ਦੇ ਅੰਦਰ ਘਰੇਲੂ ਸਾਮਾਨ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਪਰ ਇਮਾਰਤ ਦੇ ਹੋਰ ਖੇਤਰਾਂ ਵਿੱਚ ਨਹੀਂ ਫੈਲੀ। ਫਲੈਟ ਦੀ ਤਲਾਸ਼ੀ ਦੌਰਾਨ ਫਾਇਰ ਅਮਲੇ ਨੇ ਔਰਤ ਦੀ ਸੜੀ ਹੋਈ ਲਾਸ਼ ਲੱਭੀ ਅਤੇ ਲਾਸ਼ ਨੂੰ ਅੱਗੇ ਜਾਂਚ ਲਈ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਫਲੈਟ ਤੋਂ ਦੋ ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਸੜਨ ਤੋਂ ਬਚਾਇਆ ਗਿਆ।
ਪੁਲੀਸ ਕੰਟਰੋਲ ਰੂਮ (ਪੀਸੀਆਰ) ਟੀਮ ਨੇ ਉਨ੍ਹਾਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਐਮਰਜੈਂਸੀ ਇਲਾਜ ਲਈ ਆਚਾਰੀਆ ਭਿਕਸ਼ੂ ਹਸਪਤਾਲ ਪਹੁੰਚਾਇਆ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਮਾਰਤ ਵਿੱਚ ਕਈ ਪਰਿਵਾਰ ਰਹਿੰਦੇ ਹਨ। ਇਮਾਰਤ ਸੁਰੱਖਿਆਤ ਹੋਣ ਬਾਰੇ ਕੀਤੀ ਜਾ ਰਹੀ ਜਾਂਚ ਦੇ ਪੂਰੇ ਹੋਣ ਤੱਕ ਇਮਾਰਤ ਨੂੰ ਸੁਰੱਖਿਆ ਕਾਰਨਾਂ ਕਰਕੇ ਅਸਥਾਈ ਤੌਰ ’ਤੇ ਖਾਲੀ ਕਰਵਾ ਲਿਆ ਗਿਆ। ਅਧਿਕਾਰੀ ਇਹ ਯਕੀਨੀ ਬਣਾ ਰਹੇ ਹਨ ਕਿ ਅੱਗ ਤੋਂ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਵੇ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਇਹ ਅੱਗ ਘਰੇਲੂ ਸਾਮਾਨ ਕਾਰਨ ਲੱਗੀ ਹੋ ਸਕਦੀ ਹੈ, ਪਰ ਅਧਿਕਾਰੀ ਅਜੇ ਜਾਂਚ ਕਰ ਰਹੇ ਹਨ। ਸਥਾਨਕ ਪੁਲੀਸ ਵੇਰਵਿਆਂ ਨੂੰ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਪੁਲੀਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਫਲੈਟਾਂ ਵਿੱਚ ਅੱਗ ਬੁਝਾਉਣ ਲਈ ਲੋੜੀਂਦੇ ਪ੍ਰਬੰਧ ਹੋਣ ਸਬੰਧੀ ਘੋਖ ਕੀਤੀ। ਇਸ ਦੌਰਾਲ ਸਬੰਧਤ ਵਿਭਾਗ ਤੋਂ ਇਸ ਬਾਰੇ ਜਾਣਕਾਰੀ ਲਈ ਜਾਵੇਗੀ ਕਿ ਫਲੈਟਾਂ ਵਿੱਚ ਅੱਗ ਬੁਝਾਉਣ ਸਬੰਧੀ ਕਲੀਅਰੈਂਸ ਲਈ ਹੋਈ ਸੀ ਜਾਂ ਨਹੀਂ।
ਦੋ ਵਿਅਕਤੀਆਂ ਦੀ ਪੁਲੀਸ ਮੁਲਾਜ਼ਮਾਂ ਨੇ ਬਚਾਈ ਜਾਨ
ਇਸ ਦੌਰਾਨ ਦਿੱਲੀ ਪੁਲੀਸ ਨੇ ਕਿਹਾ ਕਿ ਐਤਵਾਰ ਰਾਤ ਨੂੰ ਪੰਜਾਬ ਬਾਗ ਪੁਲੀਸ ਸਟੇਸ਼ਨ ਵਿੱਚ ਪੀਸੀਆਰ ਕਾਲ ਆਉਣ ਤੋਂ ਬਾਅਦ, ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਕਾਂਸਟੇਬਲ ਨਫੇ ਅਤੇ ਮੋਹਿਤ ਨੇ ਦੇਖਿਆ ਕਿ ਤਿੰਨ ਵਿਅਕਤੀ ਨਿਰਮਲਾ (65), ਪ੍ਰਹਿਲਾਦ (68) ਅਤੇ ਜਿਤੇਂਦਰ (40) ਪੱਛਮੀ ਪੁਰੀ ਦੇ ਨਿਊ ਸਲੱਮ ਫਲੈਟਸ ਵਿੱਚ ਦੂਜੀ ਮੰਜ਼ਿਲ ’ਤੇ ਇੱਕ ਫਲੈਟ ਦੇ ਅੰਦਰ ਫਸੇ ਹੋਏ ਸਨ। ਦੋਵੇਂ ਕਾਂਸਟੇਬਲਾਂ ਨੇ ਸਬ-ਇੰਸਪੈਕਟਰ ਸੰਦੀਪ ਨਾਲ ਮਿਲ ਕੇ ਆਂਢ-ਗੁਆਂਢ ਤੋਂ ਪੌੜੀ ਦਾ ਪ੍ਰਬੰਧ ਕੀਤਾ ਅਤੇ ਪ੍ਰਹਿਲਾਦ ਅਤੇ ਜਿਤੇਂਦਰ ਨੂੰ ਬਾਲਕੋਨੀ ਰਾਹੀਂ ਬਚਾਇਆ। ਅੱਗ ਇੰਨੀ ਤੇਜ਼ ਸੀ ਕਿ ਅੰਦਰ ਜਾਣਾ ਅਸੰਭਵ ਸੀ, ਜਿਸ ਕਾਰਨ ਨਿਰਮਲਾ ਨੂੰ ਬਚਾਇਆ ਨਾ ਜਾ ਸਕਿਆ। ਜਾਂਚ ਲਈ ਅਪਰਾਧ ਅਤੇ ਐੱਫਐੱਸਐੱਲ ਟੀਮਾਂ ਨੂੰ ਬੁਲਾਇਆ ਗਿਆ ਹੈ ਅਤੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਗਏ। ਪੁਲੀਸ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।