ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਔਰਤ ਦੀ ਮੌਤ; 6 ਜ਼ਖ਼ਮੀ
ਪੱਤਰ ਪ੍ਰੇਰਕ
ਸ਼ਾਹਕੋਟ, 6 ਅਕਤੂਬਰ
ਮਲਸੀਆਂ-ਲੋਹੀਆਂ ਖਾਸ ਰੋਡ ’ਤੇ ਕਾਰ ਅਤੇ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੀ ਟੱਕਰ ’ਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖਮੀ ਹੋ ਗਏ ਜੋ ਇਸ ਸਮੇਂ ਜਲੰਧਰ ਦੇ ਨਿਜੀ ਹਸਪਤਾਲਾਂ ਵਿਚ ਜ਼ੇਰੇੇ ਇਲਾਜ ਹਨ। ਚੌਕੀ ਮਲਸੀਆਂ ਦੇ ਇੰਚਾਰਜ ਦਨਿੇਸ਼ ਕੁਮਾਰ ਨੇ ਦੱਸਿਆ ਕਿ ਤਿੰਨੋ ਧਿਰਾਂ ਦੇ ਹੋਏ ਆਪਸੀ ਸਮਝੌਤੇ ਤੋਂ ਬਾਅਦ ਮ੍ਰਿਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਆਲਟੋ ਕਾਰ ਵਿਚ ਅਮਰਜੀਤ ਸਿੰਘ, ਆਪਣੀ ਪਤਨੀ ਅਤੇ ਇਕ ਰਿਸ਼ਤੇਦਾਰ ਨਾਲ ਮਲਸੀਆਂ ਵੱਲ ਆ ਰਹੇ ਸਨ। ਜਦੋਂ ਉਹ ਚਿੱਟੀ ਵੇਈਂ ਪੁਲ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਮਲਸੀਆਂ ਤੋਂ ਲੋਹੀਆਂ ਖਾਸ ਵੱਲ ਜਾ ਰਹੇ ਦੋ ਮੋਟਰਸਾਈਕਲਾਂ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਦੌਰਾਨ ਕਾਰ ਸਵਾਰ ਇਕ ਔਰਤ ਤੇ ਦੋ ਵਿਅਕਤੀ ਅਤੇ ਦੋਵੇਂ ਮੋਟਰਸਾਈਕਲਾਂ ’ਤੇ ਸਵਾਰ ਇਕ ਔਰਤ ਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕਾਰ ਸਵਾਰ ਸਰਬਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਦੀ ਮੌਤ ਹੋ ਗਈ। ਕਾਰ ਸਵਾਰ ਅਮਰਜੀਤ ਸਿੰਘ ਤੇ ਉਸ ਦੇ ਰਿਸ਼ਤੇਦਾਰ ਅਤੇ ਬੁਲਟ ਮੋਟਰਸਾਈਕਲ ਸਵਾਰ ਰਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਹੰਸਵਾਲਾ (ਗੋਇੰਦਵਾਲ ਸਾਹਿਬ) ਤੇ ਜਸਕਰਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵੈਰੋਵਾਲ (ਤਰਨਤਾਰਨ) ਅਤੇ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਟਿੱਕਾ ਸਿੰਘ ਪੁੱਤਰ ਵਰਿਆਮ ਤੇ ਉਸ ਦੀ ਭਰਜਾਈ ਪਾਲੋ ਪਤਨੀ ਮੋਹਨ ਸਿੰਘ ਵਾਸੀ ਲਾਟੀਆਂਵਾਲ ਗੰਭੀਰ ਜ਼ਖਮੀ ਹੋ ਗਏ।