ਹੈਰੋਇਨ ਅਤੇ ਡਰੱਗ ਮਨੀ ਸਣੇ ਔਰਤ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਅਪਰੈਲ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਦੀ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਔਰਤ ਕੋਲੋਂ 65 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਇਕੱਤੀ ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਕੇਵਲ ਕ੍ਰਿਸ਼ਨ ਅਨੁਸਾਰ ਸੰਪਰਕ ਸੜਕ ਲਤਾਲਾ ਤੋਂ ਭੈਣੀ ਰੋੜਾ ਮੋੜ ਉੱਪਰ ਗਸ਼ਤ ਦੌਰਾਨ ਇਕ ਔਰਤ ਨੂੰ ਪੈਦਲ ਆਉਂਦੇ ਦੇਖਿਆ ਗਿਆ ਸੀ। ਪੁਲੀਸ ਪਾਰਟੀ ਨੂੰ ਦੇਖ ਕੇ ਘਬਰਾਈ ਉਸ ਸ਼ੱਕੀ ਔਰਤ ਆਪਣੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਸੁੱਟ ਕੇ ਪਿੱਛੇ ਮੁੜ ਗਈ ਤਾਂ ਪੁਲੀਸ ਮੁਲਾਜ਼ਮਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 65 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਇਕੱਤੀ ਹਜ਼ਾਰ ਰੁਪਏ ਡਰੱਗ ਮਨੀ ਦੇ ਰੂਪ ਵਿੱਚ ਬਰਾਮਦ ਕੀਤੀ ਗਈ। ਔਰਤ ਦੀ ਪਛਾਣ ਅਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਲਤਾਲਾ ਵਜੋਂ ਹੋਈ। ਮੁਲਜ਼ਮ ਖ਼ਿਲਾਫ਼ ਨਸ਼ਾ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।