ਔਰਤ ਵੱਲੋਂ ਪੁਲੀਸ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼
ਪੱਤਰ ਪ੍ਰੇਰਕ
ਤਰਨ ਤਾਰਨ, 1 ਫਰਵਰੀ
ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬਲੇਹਰ ਦੀ ਵਸਨੀਕ ਨੀਲਮ ਕੌਰ ਨੇ ਪੁਲੀਸ ’ਤੇ ਉਨ੍ਹਾਂ ਦੇ ਘਰ ’ਤੇ ਹਮਲੇ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਲਗਪਗ ਦੋ ਹਫ਼ਤੇ ਪਹਿਲਾਂ ਰਾਤ ਵੇਲੇ ਪਿੰਡ ਦੇ ਹੀ ਪੰਜ ਵਿਅਕਤੀਆਂ ਵੱਲੋਂ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ ਗਈ ਸੀ। ਨੀਲਮ ਕੌਰ ਨੇ ਅੱਜ ਦੱਸਿਆ ਕਿ 18 ਜਨਵਰੀ ਨੂੰ ਪਿੰਡ ਦੇ ਇੱਕ ਵਿਅਕਤੀ ਕਰਨ ਸਿੰਘ ਟੋਮੀ ਦੇ ਮੋਟਰਸਾਈਕਲ ਨਾਲ ਉਸ ਦੇ ਲੜਕੇ ਮਨਪ੍ਰੀਤ ਸਿੰਘ ਦੀ ਕਾਰ ਖਹਿ ਗਈ ਸੀ। ਇਸ ਤੋਂ ਉਪਜੇ ਤਕਰਾਰ ਨੂੰ ਲੋਕਾਂ ਨੇ ਸ਼ਾਂਤ ਕਰਵਾ ਦਿੱਤਾ ਸੀ|
ਇਸੇ ਤੋਂ ਗੁੱਸੇ ਵਿੱਚ ਆ ਕੇ ਕਰਨ ਸਿੰਘ ਨੇ ਆਪਣੇ ਭਰਾ ਗੁਰਲਾਲ ਸਿੰਘ, ਪਿਤਾ ਪ੍ਰੇਮ ਸਿੰਘ ਪੇਨਾ, ਆਪਣੇ ਸਾਥੀ ਮਹਾਂਬੀਰ ਸਿੰਘ ਅਤੇ ਉਸ ਦੇ ਭਰਾ ਧਲਵਿੰਦਰ ਸਿੰਘ ਨੂੰ ਨਾਲ ਲੈ ਕੇ ਰਾਤ ਸਮੇਂ ਘਰ ਵਿੱਚ ਦਾਖ਼ਲ ਹੋ ਕੇ ਇੱਟਾਂ-ਪੱਥਰ ਮਾਰੇ ਅਤੇ ਕਾਰ ਤੇ ਹੋਰ ਸਮਾਨ ਦੀ ਭੰਨ-ਤੋੜ ਕੀਤੀ| ਨੀਲਮ ਕੌਰ ਨੇ ਕਿਹਾ ਕਿ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੇ ਅਗਲੇ ਦਿਨ ਸਵੇਰੇ ਥਾਣਾ ਭਿੱਖੀਵਿੰਡ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਨੀਲਮ ਕੌਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕੀਤੇ ਜਾਣ ਮਗਰੋਂ ਪੁਲੀਸ ਨੇ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ| ਚੌਕੀ ਸੁਰਸਿੰਘ ਦੇ ਇੰਚਾਰਜ ਏਐੱਸਆਈ ਲਖਬੀਰ ਸਿੰਘ ਨੇ ਕਿਹਾ ਕਿ ਮੁਦੱਈ ਨੇ ਸ਼ਿਕਾਇਤ ਹੀ ਕੱਲ੍ਹ ਦਰਜ ਕਰਵਾਈ ਹੈ|