ਸਪਿੰਨ ਦਾ ਜਾਦੂਗਰ
ਪੰਜਾਬ ਦੀ ਧਰਤੀ ਨੇ ਕ੍ਰਿਕਟ ਦੇ ਕਈ ਮਹਾਨ ਖਿਡਾਰੀਆਂ ਨੂੰ ਜਨਮ ਦਿੱਤਾ ਹੈ; ਬਿਸ਼ਨ ਸਿੰਘ ਬੇਦੀ ਦਾ ਨਾਂ ਮੂਹਰਲੇ ਖਿਡਾਰੀਆਂ ਦੀ ਸਫ਼ ਵਿਚ ਆਉਂਦਾ ਹੈ। ਉਹ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਭਾਰਤ ਅਤੇ ਫਿਰ ਕ੍ਰਿਕਟ ਖੇਡਣ ਵਾਲੇ ਸਾਰੇ ਦੇਸ਼ਾਂ ਵਿਚ ਹਰਮਨ ਪਿਆਰਾ ਖਿਡਾਰੀ ਬਣ ਕੇ ਉੱਭਰਿਆ। ਮਹਾਨ ਖਿਡਾਰੀ ਹੋਣ ਦੇ ਨਾਲ ਨਾਲ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਵਾਲਾ ਮਨੁੱਖ ਵੀ ਸੀ ਜੋ ਆਪਣੇ ਸਾਥੀਆਂ, ਪ੍ਰਸ਼ੰਸਕਾਂ ਤੇ ਵਿਰੋਧੀਆਂ ਦਾ ਦਿਲ ਜਿੱਤ ਲੈਂਦਾ ਸੀ। 1946 ਵਿਚ ਅੰਮ੍ਰਿਤਸਰ ਵਿਚ ਜਨਮੇ ਇਸ ਖਿਡਾਰੀ ਦੀ ਸਪਿੰਨ ਕਲਾ ਵਿਚ ਮੁਹਾਰਤ ਨੇ ਖੇਡ ਦੇ ਮੈਦਾਨ ਵਿਚ ਅਜਿਹਾ ਸਿੱਕਾ ਜਮਾਇਆ ਕਿ ਉਸ ਨੂੰ ਸਪਿੰਨ ਦਾ ਜਾਦੂਗਰ ਕਿਹਾ ਜਾਣ ਲੱਗਾ। ਉਹ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਿਆ। ਉਸ ਨੇ 1966 ਤੋਂ 1978 ਵਿਚਕਾਰ ਭਾਰਤ ਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਖੇਡ ਮੈਦਾਨਾਂ ਵਿਚ ਆਪਣੀ ਸਪਿੰਨ ਕਲਾ ਦਾ ਜਾਦੂ ਬਿਖੇਰਿਆ। ਇਸ ਸਮੇਂ ਦੌਰਾਨ ਉਹ ਸਪਿੰਨਰਾਂ ਦੀ ਉਸ ਸੁਨਹਿਰੀ ਚੌਕੜੀ ਦਾ ਹਿੱਸਾ ਸੀ ਜਿਸ ਦੇ ਹੋਰ ਖਿਡਾਰੀ ਇਰਾਪੱਲੀ ਪ੍ਰਸੰਨਾ, ਸ੍ਰੀਨਿਵਾਸ ਵੈਂਕਟਰਾਘਵਨ ਅਤੇ ਭਾਗਵਤ ਚੰਦਰਸ਼ੇਖਰ ਸਨ। ਉਹ ਭਾਰਤੀ ਕ੍ਰਿਕਟ ਟੀਮ ਦਾ ਮੈਨੇਜਰ ਵੀ ਬਣਿਆ। ਉਹ ਆਪਣੀ ਗੱਲ ਸਪੱਸ਼ਟਤਾ ਤੇ ਦਲੇਰੀ ਨਾਲ ਕਹਿਣ ਵਾਲਾ ਵਿਅਕਤੀ ਸੀ ਜਿਸ ਕਾਰਨ ਉਸ ਨੂੰ ਖੇਡ ਦਾ ਪ੍ਰਬੰਧ ਕਰਨ ਵਾਲੀ ਸੱਤਾਧਾਰੀ ਧਿਰ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਉਸ ਨੇ ਹਮੇਸ਼ਾ ਖਿਡਾਰੀਆਂ ਦੇ ਹੱਕਾਂ ਦੀ ਹਮਾਇਤ ਕੀਤੀ।
ਪੰਜਾਬ ਵਿਚ ਬਿਸ਼ਨ ਸਿੰਘ ਬੇਦੀ ਤੋਂ ਪਹਿਲਾਂ ਵੀ ਕਈ ਉੱਘੇ ਕ੍ਰਿਕਟਰ ਹੋਏ ਜਨਿ੍ਹਾਂ ਵਿਚੋਂ ਲਾਲਾ ਅਮਰਨਾਥ ਦਾ ਨਾਂ ਬਹੁਤ ਉਘੜਵਾਂ ਹੈ। ਉਹ ਆਜ਼ਾਦ ਭਾਰਤ ਦੀ ਕ੍ਰਿਕਟ ਟੀਮ ਦਾ ਪਹਿਲਾ ਕਪਤਾਨ ਸੀ। ਦੋਹਾਂ ਨੂੰ ਆਪਣੇ ਪੰਜਾਬੀ ਹੋਣ ’ਤੇ ਬਹੁਤ ਮਾਣ ਸੀ। ਬਿਸ਼ਨ ਸਿੰਘ ਬੇਦੀ ਨੇ 2013 ਵਿਚ ਦਿੱਲੀ ਵਿਚ ਪੰਜਾਬੀ ਬੋਲੀ ਦੇ ਹੱਕ ਵਿਚ ਚਲਾਈ ਮੁਹਿੰਮ ਦੀ ਹਮਾਇਤ ਕੀਤੀ ਅਤੇ ਇਸ ਸਬੰਧੀ ਮੀਟਿੰਗਾਂ ਵਿਚ ਹਿੱਸਾ ਲਿਆ। ਇਸ ਤਰ੍ਹਾਂ ਉਹ ਆਪਣੀ ਸਮਾਜਿਕ ਭੂਮਿਕਾ ਬਾਰੇ ਵੀ ਗੰਭੀਰ ਸੀ।
ਵੱਖ ਵੱਖ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਬਿਸ਼ਨ ਸਿੰਘ ਬੇਦੀ ਬਾਰੇ ਲੇਖ ਛਪ ਰਹੇ ਹਨ ਅਤੇ ਉੱਘੇ ਖਿਡਾਰੀ ਟੀਵੀ ਚੈਨਲਾਂ ’ਤੇ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਯਾਦਾਂ ’ਚੋਂ ਸੁਹਿਰਦ ਤੇ ਸਭ ਦੀ ਸਹਾਇਤਾ ਕਰਨ ਵਾਲੇ ਮਨੁੱਖ ਦੀ ਤਸਵੀਰ ਉੱਭਰਦੀ ਹੈ। ਉਸ ਨੂੰ ‘ਸਪਿੰਨ ਦਾ ਸਰਦਾਰ’, ‘ਪਟਕੇ ਵਾਲਾ ਸਰਦਾਰ’, ‘ਭਾਜੀ’ ਅਤੇ ਹੋਰ ਨਾਵਾਂ ਨਾਲ ਬਹੁਤ ਪਿਆਰ ਨਾਲ ਯਾਦ ਕੀਤਾ ਜਾ ਰਿਹਾ ਹੈ। ਖਿਡਾਰੀ ਖੇਡ ਮੈਦਾਨ ਤਕ ਮਹਿਦੂਦ ਨਹੀਂ ਹੁੰਦਾ। ਖੇਡ ਵਿਚ ਮਸ਼ਹੂਰੀ ਹਾਸਿਲ ਕਰਨ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਹਨ। ਬਿਸ਼ਨ ਸਿੰਘ ਬੇਦੀ ਦੇ ਵਿਹਾਰ ਨੇ ਉਸ ਨੂੰ ਖੇਡ ਮੈਦਾਨ ਦੇ ਬਾਹਰ ਵੀ ਹਰਮਨ ਪਿਆਰਾ ਬਣਾਇਆ। ਹਰ ਖੇਡ ਅਜਿਹੇ ਖਿਡਾਰੀਆਂ ਕਾਰਨ ਹੀ ਸਿਖ਼ਰ ’ਤੇ ਪਹੁੰਚਦੀ ਹੈ। ਪੰਜਾਬ ਦੇ ਇਸ ਮਹਾਨ ਖਿਡਾਰੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।