For the best experience, open
https://m.punjabitribuneonline.com
on your mobile browser.
Advertisement

ਖਾਲੀ ਕੁਰਸੀਆਂ ਦੀ ਗਵਾਹੀ

11:58 AM Apr 07, 2024 IST
ਖਾਲੀ ਕੁਰਸੀਆਂ ਦੀ ਗਵਾਹੀ
Advertisement

ਅਮ੍ਰਤ

Advertisement

ਚੋਣਾਂ ਦੀ ਰੁੱਤ ਹੈ। ਸੱਤਾ ਦਾ ਤਾਂ ਸੁਖ ਹਰ ਕੋਈ ਮਾਣਨਾ ਚਾਹੁੰਦਾ ਹੈ। ਸੱਤਾ ਹਾਸਿਲ ਕਰਨ ਤੇ ਕਾਇਮ ਰੱਖਣ ਲਈ ਛਲ ਕਪਟ ਦੀਆਂ ਮਿਸਾਲਾਂ ਮਿਥਿਹਾਸ ਤੇ ਇਤਿਹਾਸ ’ਚ ਆਮ ਹਨ। ਜੇ ਸੱਤਾ ਦਾ ਮੋਹ ਤੇ ਲਾਲਚ ਨਾ ਹੁੰਦਾ ਤਾਂ ਕੌਰਵਾਂ ਤੇ ਪਾਂਡਵਾਂ ਦੇ ਯੁੱਧ ਦੀ ਗਾਥਾ ਮਹਾਭਾਰਤ ਦੀ ਕੋਈ ਅਹਿਮੀਅਤ ਨਹੀਂ ਹੋਣੀ ਸੀ। ਕ੍ਰਿਸ਼ਨ ਉਪਦੇਸ਼ ਦਾ ਕੋਈ ਮਹੱਤਵ ਨਹੀਂ ਰਹਿ ਜਾਣਾ ਸੀ। ਤਲਵਾਰ ਦੇ ਜ਼ੋਰ ’ਤੇ ਰਾਜ ਜਿੱਤੇ ਤੇ ਸਲਤਨਤਾਂ ਸਥਾਪਿਤ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਰਾਜ-ਭਾਗ ਚਲਾਉਣ ਲਈ ਕੌਟਲਯ ਤੇ ਚਾਣਕਯ ਨੀਤੀਆਂ ਦੀ ਲੋੜ ਪੈਂਦੀ ਹੈ। ਹਰ ਯੁੱਗ ’ਚ ਸਲਤਨਤ ਦਾ ਆਪਣਾ ਨਿਜ਼ਾਮ ਰਿਹਾ ਹੈ। ਮਹਾਭਾਰਤ ਤੋਂ ਭਾਰਤ ਤਕ ਦੇ ਇਸ ਕਾਲ ’ਚ ਸਮੇਂ ਨੇ ਬਹੁਤ ਕੁਝ ਬਦਲ ਦਿੱਤਾ ਹੈ। ਯੁੱਗ ਬਦਲਣ ਨਾਲ ਰਾਜ ਕਰਨ ਅਤੇ ਸੰਭਾਲਣ ਦੇ ਤਰੀਕੇ ਤੇ ਨੀਤੀਆਂ ਭਾਵੇਂ ਬਦਲ ਗਏ ਹਨ ਪਰ ਸੱਤਾ ਦੇ ਸਿੰਘਾਸਨ ’ਤੇ ਬੈਠੇ ਰਹਿਣ ਦੀ ਮਨੁੱਖੀ ਲਾਲਸਾ ਜਿਉਂ ਦੀ ਤਿਉਂ ਹੈ। ਇਸ ’ਚ ਕੋਈ ਕਮੀ ਤਾਂ ਨਹੀਂ ਆਈ ਸਗੋਂ ਇਹ ਹੋਰ ਪ੍ਰਬਲ ਜ਼ਰੂਰ ਹੋ ਗਈ ਜਾਪਦੀ ਹੈ। ਸਦੀਆਂ ਤੋਂ ਸੱਤਾ ਦਾ ਇਹੋ ਦਸਤੂਰ ਹੈ ਕਿ ਰਾਜੇ ਮਹਾਰਾਜੇ ਹੀ ਪਰਜਾ ਦੀ ਹੋਣੀ ਤੈਅ ਕਰਦੇ ਆਏ ਹਨ। ਸਮੇਂ ਨਾਲ ਇਨ੍ਹਾਂ ਦਾ ਰੂਪ ਭਾਵੇਂ ਬਦਲ ਗਿਆ ਹੈ ਪਰ ਸੁਭਾਅ ਤੇ ਖਸਲਤ ਉਹੋ ਹਨ।
ਸਿੰਘਾਸਨ ਕਾਇਮ ਰੱਖਣ ਲਈ ਹਰ ਹੀਲਾ ਵਸੀਲਾ ਤੇ ਤਰੀਕਾ ਵਰਤਿਆ ਜਾਂਦਾ ਰਿਹਾ ਹੈ ਅਤੇ ਹੁਣ ਵੀ ਵਰਤਿਆ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਰਾਜ ਧਰਮ ਦੀ ਪਾਲਣਾ ਕਰਦਿਆਂ ਇਖ਼ਲਾਕੀ ਕਦਰਾਂ-ਕੀਮਤਾਂ ’ਤੇ ਪਹਿਰਾ ਦਿੱਤਾ ਜਾਵੇ। ਪਰਜਾ ਦਾ ਖਿਆਲ ਰੱਖਿਆ ਜਾਵੇ। ਇਸ ਲਈ ਸੱਤਾ ਤੋਂ ਹਰ ਵਾਰ ਭਲੇ ਦੀ ਆਸ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਚੰਨ ਚਾਨਣੀ ਤੋਂ ਨਿੱਘ ਦੀ ਆਸ ਕਰੇ ਤੇ ਫਿਰ ਸਵੇਰ ਨੂੰ ਸੂਰਜ ਨੂੰ ਉਲਾਂਭਾ ਦੇਵੇ; ‘‘ਚੜ੍ਹਿਆ ਸੂਰਜ ਦੇਵਤਾ ਨੌਖੰਡੀ ਧਾਰੀ ਇਕ ਰਾਤੀਂ ਚੜ੍ਹਿਆ ਚੰਦ ਸੀ ਜੀਹਨੇ ਪਾਲੇ ਮਾਰੀ।’’
ਸਾਨੂੰ ਹੁਣ ਇਹ ਮੰਨ ਲੈਣਾ ਚਾਹੀਦਾ ਹੈ ਕਿ ਦੇਸ਼ ਭਗਤੀ ਤੇ ਦੇਸ਼ ਵਾਸੀਆਂ ਦੇ ਭਲੇ ਵਾਲੇ ਜਜ਼ਬੇ ਦੀ ਸਿਆਸਤ ਤੇ ਸਿਆਸਤਦਾਨ ਹੁਣ ਦੁਰਲੱਭ ਸ਼੍ਰੇਣੀ ’ਚ ਆ ਗਏ ਹਨ ਜਿਨ੍ਹਾਂ ਦੀ ਹੋਂਦ ਖ਼ਤਰੇ ’ਚ ਹੈ। ਇਹ ਵਿਰਲੇ ਹੀ ਮਿਲਦੇ ਹਨ। ਆਮ ਤੌਰ ’ਤੇ ਸਿਆਸੀ ਸ਼ੋਰ-ਸ਼ਰਾਬੇ ’ਚ ਇਨ੍ਹਾਂ ਦੀ ਆਵਾਜ਼ ਕਈ ਵਾਰ ਗੁਆਚ ਜਾਂਦੀ ਹੈ। ਹਾਲਾਂਕਿ ਉਹ ਰਾਮਲੀਲਾ ਮੈਦਾਨ ’ਚ ਜਾ ਕੇ ਜਮਹੂਰੀਅਤ ਬਚਾਉਣ ਦਾ ਹੋਕਾ ਦਿੰਦੇ ਹਨ ਤੇ ਦੱਸਦੇ ਵੀ ਹਨ ਕਿ ਕਿਸ ਤਰ੍ਹਾਂ ਲੋਕਤੰਤਰ ਨੂੰ ਖ਼ਾਸ ਤਰ੍ਹਾਂ ਦਾ ਸਰਕਾਰੀ ਤੰਤਰ ਨਿਗਲ ਰਿਹਾ ਹੈ। ਜਮਹੂਰੀ ਨਿਜ਼ਾਮ ਨੂੰ ਤਾਨਾਸ਼ਾਹੀ ਦੇ ਤਖ਼ਤ ਵੱਲ ਧੱਕਿਆ ਜਾ ਰਿਹਾ ਹੈ ਪਰ ਮੇਲੇ ’ਚ ਚੱਕੀਰਾਹੇ ਦੀ ਕੌਣ ਸੁਣਦਾ ਹੈ। ਉਹ ਦੱਸਦੇ ਹਨ ਕਿ ਮਰਿਆਦਾ ਪੁਰਸ਼ੋਤਮ ਰਾਮ ਨੇ ਕਿਵੇਂ ਰਾਵਣ ਨਾਲ ਯੁੱਧ ਕਰਦਿਆਂ ਵੀ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਆਪਣੇ ਵਿਰੁੱਧ ਯੁੱਧ ਲੜਨ ਤੇ ਹਾਰ ਜਾਣਿਆਂ ਵਾਲਿਆਂ ਦਾ ਵੀ ਅਨਾਦਰ ਨਹੀਂ ਕੀਤਾ ਸਗੋਂ ਦੁਸ਼ਮਣਾਂ ਨੂੰ ਵੀ ਸਨਮਾਨ ਦਿੱਤਾ। ਉਨ੍ਹਾਂ ਯੁੱਧ ’ਚ ਵੀ ਮਰਿਆਦਾ ਕਾਇਮ ਰੱਖੀ।
ਇਸ ਰਾਮ ਲੀਲਾ ਮੈਦਾਨ ’ਚ ਮੰਚ ’ਤੇ ਦੋ ਖਾਲੀ ਕੁਰਸੀਆਂ ਵੀ ਸਨ ਜੋ ਇਸ ਗੱਲ ਦੀ ਗਵਾਹੀ ਦਿੰਦੀਆਂ ਸਨ ਕਿ ਹੁਣ ਰਾਮ ਰਾਜ ਨਹੀਂ ਹੈ, ਸਤਯੁੱਗ, ਦੁਆਪਰ ਤੇ ਤਰੇਤਾ ਬੀਤ ਚੁੱਕੇ ਹਨ। ਹੁਣ ਜੋ ਯੁੱਗ ਹੈ ਉਸ ਦੀ ਮਰਿਆਦਾ ਕੁਝ ਹੋਰ ਹੈ। ਹੁਣ ਦਿਨ ਢਲਦਿਆਂ ਯੁੱਧ ਬੰਦ ਕਰਨ ਦਾ ਸੰਖ ਨਹੀਂ ਫੂਕਿਆ ਜਾਂਦਾ ਸਗੋਂ ਰਾਤ ਦੇ ਹਨੇਰੇ ’ਚ ਵਾਰ ਕਰਨ ਦਾ ਮੌਕਾ ਲੱਭਿਆ ਜਾਂਦਾ ਹੈ। ਇਸ ਸਿਆਸੀ ਯੁੱਧ ’ਚ ਸਭ ਜਾਇਜ਼। ਵਿਰੋਧੀਆਂ ਦਾ ਸਤਿਕਾਰ ਕਰਨ ਦੀ ਰਵਾਇਤ ਬੀਤ ਚੁੱਕੀ ਹੈ। ਹੁਣ ਵਿਰੋਧੀਆਂ ਨੂੰ ਨਿਹੱਥੇ ਕਰ ਕੇ ਵਾਰ ਕਰਨ ਦੀ ਨਵੀਂ ਚਾਣਕਯ ਨੀਤੀ ਹੈ। ਇਹ ਨਵਾਂ ਸਿਆਸੀ ਯੁੱਗ ਹੈ। ਇਸ ਦੇ ਨਵੇਂ ਮਾਪਦੰਡ ਤੇ ਨਵੇਂ ਵਿਧਾਨ ਹਨ ਜਿਸ ’ਚ ਖ਼ਾਮੋਸ਼ੀ ਹੀ ਸਭ ਤੋਂ ਮਜ਼ਬੂਤ ਢਾਲ ਹੈ ਤੇ ਉੱਚੇ ਸੁਰ ’ਚ ਗੱਲ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ। ਸਵਾਲ ਪੁੱਛਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਜੇ ਕੋਈ ਅਜਿਹੀ ਗੁਸਤਾਖ਼ੀ ਕਰਦਾ ਹੈ ਤਾਂ ਉਸ ਨੂੰ ਕੀਮਤ ਚੁਕਾਉਣੀ ਪੈਂਦੀ ਹੈ। ਸਵਾਲ ਪੁੱਛਣ ਵਾਲੀਆਂ ਜ਼ੁਬਾਨਾਂ ਤਾਲਾਬੰਦ ਕਰ ਦਿੱਤੀਆਂ ਜਾਂਦੀਆਂ ਹਨ। ਖ਼ਾਮੋਸ਼ੀ ਨਾਲ ਦਿਨ ਕੱਟਣੇ ਹੀ ਇਸ ਨਿਜ਼ਾਮ ਦਾ ਦਸਤੂਰ ਹਨ। ਇਸ ਨਿਜ਼ਾਮ ਦੇ ਰਹਬਿਰ ਚਾਹੁੰਦੇ ਹਨ ਕਿ ਪਰਜਾ ਉਨ੍ਹਾਂ ਦੀ ਆਵਾਜ਼ ਸੁਣੇ ਅਤੇ ਹਰ ਉਸ ਗੱਲ ’ਤੇ ਯਕੀਨ ਕਰੇ ਜੋ ਉਹ ਕਹਿੰਦੇ ਹਨ।
ਜੇ ਕੋਈ ਸੱਤਾ ਵਿਰੁੱਧ ਆਵਾਜ਼ ਉਠਾਉਂਦਾ ਹੈ ਉਹ ਬਾਗ਼ੀ ਕਹਾਉਂਦਾ ਹੈ। ਮੁੱਢ ਕਦੀਮ ਤੋਂ ਹੀ ਅਜਿਹਾ ਕੋਈ ਵੀ ਸ਼ਖ਼ਸ ਸਜ਼ਾ ਦਾ ਭਾਗੀ ਰਿਹਾ ਹੈ। ਗੁਨਾਹ ਸਾਬਤ ਹੋਣ ਜਾਂ ਗੁਨਾਹ ਕਰਨ ਵਾਲੇ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ ਪਰ ਗੁਨਾਹ ਦੱਸੇ ਬਗ਼ੈਰ ਕਿਸੇ ਬੇਗੁਨਾਹ ਨੂੰ ਸਜ਼ਾ ਦੇਣਾ ਜਾਇਜ਼ ਨਹੀਂ ਹੋ ਸਕਦਾ। ਹਕੂਮਤ ਦੀ ਵਧੀਕੀ ਵਿਰੁੱਧ ਉੱਠਦੀ ਆਵਾਜ਼ ਦਬਾਉਣਾ ਤਾਨਾਸ਼ਾਹੀ ਦੇ ਦਾਇਰੇ ’ਚ ਆਉਂਦਾ ਹੈ। ਇਹ ਜਮਹੂਰੀਅਤ ਦੇ ਦਾਇਰੇ ਤੋਂ ਬਾਹਰ ਚਲਾ ਜਾਂਦਾ ਹੈ ਤੇ ਇਸੇ ਲਈ ਉਹ ਦੋ ਕੁਰਸੀਆਂ ਖਾਲੀ ਸਨ। ਉਹ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਸਿਆਸੀ ਫਿਜ਼ਾ ’ਚ ਹੁਣ ਸਭ ਅੱਛਾ ਨਹੀਂ ਹੈ।

Advertisement
Author Image

Advertisement
Advertisement
×