ਰਾਖਵੇਂਕਰਨ ਦੇ ਸਹਾਰੇ ਤੋਂ ਬਿਨਾਂ ਦਲਿਤ ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ
ਜੈਸਮੀਨ ਭਾਰਦਵਾਜ
ਨਾਭਾ, 6 ਅਕਤੂਬਰ
ਸੈਂਕੜੇ ਸਾਲਾਂ ਦੀ ਜਕੜ ਨੂੰ ਤੋੜਦੇ ਹੋਏ ਪੰਚਾਇਤੀ ਚੋਣਾਂ ਵਿੱਚ ਕੁਝ ਜਨਰਲ ਸੀਟਾਂ ’ਤੇ ਵੀ ਦਲਿਤ ਉਮੀਦਵਾਰ ਚੋਣ ਲੜ ਰਹੇ ਹਨ। ਨਾਭਾ ਦੇ ਪਿੰਡ ਪਾਲੀਆ ਦੀ ਜਨਰਲ ਸੀਟ ਤੋਂ ਦਲਿਤ ਵਰਗ ਵਿਚੋਂ ਬੀਟੈੱਕ ਪਾਸ ਹਰਦੀਪ ਕੌਰ ਨੇ ਸਰਪੰਚੀ ਲਈ ਕਾਗਜ਼ ਭਰੇ। ਪੂਰਨ ਪਾਰਦਰਸ਼ੀ ਤਰੀਕੇ ਕੰਮ ਕਰਨ ਦੇ ਦਾਅਵੇ ਕਰਨ ਵਾਲੀ ਹਰਦੀਪ ਨੇ ਪਿਛਲੇ ਸਾਲ ਸੋਸ਼ਲ ਆਡਿਟ ਵਿੱਚ ਕਥਿਤ ਊਣਤਾਈਆਂ ’ਤੇ ਅਧਿਕਾਰੀਆਂ ਨੂੰ ਸਾਰੇ ਪਿੰਡ ਅੱਗੇ ਸਵਾਲ ਕੀਤੇ ਤੇ ਕਈਆਂ ਨੂੰ ਮਨਰੇਗਾ ਵਿੱਚੋਂ ਰੁਜ਼ਗਾਰ ਲੈਣ ’ਚ ਮਦਦ ਕੀਤੀ ਸੀ, ਜਿਸ ਕਾਰਨ ਪਿੰਡ ਵਿੱਚ ਇੱਕ ਹਿੱਸੇ ਨੇ ਜ਼ੋਰ ਦੇ ਕੇ ਉਸਦੀ ਨਾਮਜ਼ਦਗੀ ਭਰਵਾਈ।
ਹਾਲਾਂਕਿ ਹਰਦੀਪ ਦੇ ਪਰਿਵਾਰ ਦਾ ਕਹਿਣਾ ਹੈ ਨਾਮਜ਼ਦਗੀ ਵਾਪਸ ਲੈਣ ਲਈ ਕਾਫੀ ਦਬਾਅ ਵੀ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਬਾਬਰਪੁਰ ਵਿੱਚ ਦੋ ਜਨਰਲ ਉਮੀਦਵਾਰਾਂ ਦੇ ਨਾਲ ਦਲਿਤ ਵਰਗ ’ਚੋਂ ਬਲਬੀਰ ਸਿੰਘ ਵੀ ਸਰਪੰਚੀ ਦੀ ਦੌੜ ’ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਨਗੇ ਕਿ ਪਿੰਡ ਦੇ ਮਾਮਲੇ ਨਿਰਪੱਖ ਤਰੀਕੇ ਨਿਬੇੜਨ ਲਈ ਯੋਗ ਸਰਪੰਚ ਤੇ ਪੰਚਾਇਤ ਚੁਣਨ। ਪਿੰਡ ਨੌਹਰਾ ਤੋਂ ਵੀ ਦਲਿਤ ਉਮੀਦਵਾਰ ਸੁਖਵਿੰਦਰ ਕੌਰ ਨੇ ਨਾਮਜ਼ਦਗੀ ਦਾਖ਼ਲ ਕਰਨੀ ਚਾਹੀ ਪਰ ਉਸਦੇ ਕਾਗਜ਼ ਦਫਤਰ ਅੰਦਰੋਂ ਖੋਹ ਕੇ ਲਿਜਾਉਣ ਬਾਰੇ ਨਾਭਾ ਐੱਸ ਡੀ ਐਮ ਪੜਤਾਲ ਕਰ ਰਹੇ ਹਨ। ਪਿੰਡ ਅਗੇਤੀ ਵਿੱਚ ਵੀ ਸਰਪੰਚੀ ਲਈ ਇੱਕ ਦਲਿਤ ਮਹਿਲਾ ਨੇ ਨਾਮਜ਼ਦਗੀ ਦਰਜ ਕਰਵਾਈ ਹੈ।