For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ ਤੋਂ ਬਿਨਾਂ ਕਿਸੇ ਮੁੱਖ ਮੰਤਰੀ ਨੂੰ ਰਾਸ ਨਹੀਂ ਆਇਆ ਕੈਂਪ ਦਫ਼ਤਰ ਬਣਾਉਣਾ

09:03 AM Jul 14, 2024 IST
ਭਗਵੰਤ ਮਾਨ ਤੋਂ ਬਿਨਾਂ ਕਿਸੇ ਮੁੱਖ ਮੰਤਰੀ ਨੂੰ ਰਾਸ ਨਹੀਂ ਆਇਆ ਕੈਂਪ ਦਫ਼ਤਰ ਬਣਾਉਣਾ
Advertisement

ਜਸਵੰਤ ਜੱਸ
ਫ਼ਰੀਦਕੋਟ, 13 ਜੁਲਾਈ
ਭਗਵੰਤ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਜ਼ਿਮਨੀ ਚੋਣ ਵਿੱਚ ਜਲੰਧਰ ’ਚ ਆਪਣਾ ਕੈਂਪ ਦਫ਼ਤਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਤਿੰਨ ਮੁੱਖ ਮੰਤਰੀਆਂ ਨੇ ਇਹ ਤਜਰਬਾ ਕੀਤਾ ਸੀ ਜੋ ਬੁਰੀ ਤਰ੍ਹਾਂ ਅਸਫ਼ਲ ਰਿਹਾ ਸੀ। ਸਭ ਤੋਂ ਪਹਿਲਾਂ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਨੇ ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਗਿੱਦੜਬਾਹਾ ਵਿੱਚ ਆਪਣਾ ਪੱਕਾ ਡੇਰਾ ਲਾ ਲਿਆ ਸੀ ਅਤੇ ਪੰਜਾਬ ਸਰਕਾਰ ਇੱਕ ਮਹੀਨੇ ਤੱਕ ਗਿੱਦੜਬਾਹਾ ਤੋਂ ਹੀ ਚੱਲੀ ਸੀ। ਇਸ ਦੇ ਬਾਵਜੂਦ ਉੱਥੋਂ ਕਾਂਗਰਸੀ ਉਮੀਦਵਾਰ ਦੀਪਕ ਕੁਮਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੋਂ ਚੋਣ ਹਾਰ ਗਿਆ ਸੀ। ਇਸ ਮਗਰੋਂ 1998 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੈਬਨਿਟ ਮੰਤਰੀਆਂ ਸਣੇ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਉੱਥੇ ਪੱਕਾ ਡੇਰਾ ਲਾਇਆ ਸੀ ਪਰ ਇੱਥੋਂ ਅਕਾਲੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਚੋਣ ਹਾਰ ਗਏ ਸਨ ਤੇ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਲਾਲੀ ਨੂੰ ਜਿੱਤ ਮਿਲੀ ਸੀ। ਇਸੇ ਤਰ੍ਹਾਂ ਮੋਗਾ ਜ਼ਿਮਨੀ ਚੋਣ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿਧਾਨ ਸਭਾ ਹਲਕੇ ਦੇ ਪਿੰਡ ਚੂਹੜ ਚੱਕ ਵਿੱਚ ਪੱਕਾ ਡੇਰਾ ਲਾ ਲਿਆ ਸੀ ਪਰ ਉਨ੍ਹਾਂ ਦਾ ਉਮੀਦਵਾਰ ਇੱਥੋਂ 18 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਿਆ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਫ਼ਰੀਦਕੋਟ ਲੋਕ ਸਭਾ ਸੀਟ ਜਿਤਾਉਣ ਲਈ ਇੱਥੇ ਦੋ ਮਹੀਨੇ ਤੱਕ ਪੱਕਾ ਡੇਰਾ ਲਾ ਰੱਖਿਆ ਸੀ ਅਤੇ ਇੱਥੋਂ ਹੀ ਪੰਜਾਬ ਸਰਕਾਰ ਚਲਾਈ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ, ਕਾਂਗਰਸੀ ਉਮੀਦਵਾਰ ਜਗਮੀਤ ਸਿੰਘ ਬਰਾੜ ਤੋਂ ਚੋਣ ਹਾਰ ਗਏ ਸਨ। ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਭਗਵੰਤ ਮਾਨ ਨੇ ਆਪਣਾ ਮੁੱਖ ਮੰਤਰੀ ਦਫ਼ਤਰ ਦੋ ਦਿਨਾਂ ਲਈ ਜਲੰਧਰ ਤਬਦੀਲ ਕਰ ਦਿੱਤਾ ਸੀ ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਖ਼ਤ ਮਿਹਨਤ ਅਤੇ ਪੰਜਾਬ ਸਰਕਾਰ ਦੇ ਕੰਮਾਂ ਕਾਰਨ ਜ਼ਿਮਨੀ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਅਤੇ ਅੱਜ ਤੋਂ ਹੀ ਪਾਰਟੀ ਆਉਣ ਵਾਲੀਆਂ ਅਗਲੀਆਂ ਜ਼ਿਮਨੀ ਚੋਣਾਂ ਲਈ ਤਿਆਰੀ ਵਿੱਚ ਜੁੱਟ ਗਈ ਹੈ।

Advertisement
Advertisement
Author Image

sukhwinder singh

View all posts

Advertisement
×