Withdraw PF from ATMs: ਅਗਲੇ ਸਾਲ ਤੋਂ ਏਟੀਐੱਮਜ਼ ਰਾਹੀਂ ਕਢਵਾਇਆ ਜਾ ਸਕੇਗਾ ਪ੍ਰਾਵੀਡੈਂਟ ਫੰਡ
ਨਵੀਂ ਦਿੱਲੀ, 11 ਦਸੰਬਰ
ਮੁਲਾਜ਼ਮਾਂ ਨੂੰ ਹੁਣ ਆਪਣਾ ਪ੍ਰਾਵੀਡੈਂਟ ਫੰਡ ਕਢਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਦੀ ਲੋੜ ਨਹੀਂ ਰਹੇਗੀ। ਕਿਰਤ ਸਕੱਤਰ ਸੁਮਿਤਾ ਡਾਵਰਾ ਮੁਤਾਬਕ ਅਗਲੇ ਸਾਲ ਤੋਂ ਮੁਲਾਜ਼ਮ ਏਟੀਐੱਮਜ਼ ਰਾਹੀਂ ਆਪਣਾ ਪ੍ਰਾਵੀਡੈਂਟ ਫੰਡ ਕੱਢਵਾ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਾਵੀਡੈਂਟ ਫੰਡ ਦੇ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਏਟੀਐੱਮਜ਼ ਰਾਹੀਂ ਆਸਾਨੀ ਨਾਲ ਆਪਣਾ ਪ੍ਰਾਵੀਡੈਂਟ ਫੰਡ ਕਢਵਾ ਸਕਣਗੇ।
ਡਾਵਰਾ ਨੇ ਕਿਹਾ ਕਿ ਕਿਰਤ ਮੰਤਰਾਲੇ ਵੱਲੋਂ ਆਈਟੀ ਪ੍ਰਣਾਲੀ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਹਰ ਦੋ-ਤਿੰਨ ਮਹੀਨਿਆਂ ’ਚ ਸੁਧਾਰ ਦੇਖਣ ਨੂੰ ਮਿਲੇਗਾ। ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ ’ਚ 7 ਕਰੋੜ ਸਰਗਰਮ ਲਾਭਪਾਤਰੀ ਹਨ। ਛੋਟੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਲਾਭ ਦੇਣ ਦੀ ਯੋਜਨਾ ਬਾਰੇ ਡਾਵਰਾ ਨੇ ਕਿਹਾ ਕਿ ਇਸ ਸਬੰਧੀ ਕੰਮ ਚੱਲ ਰਿਹਾ ਹੈ ਪਰ ਉਨ੍ਹਾਂ ਕੋਈ ਸਮਾਂ-ਸੀਮਾ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਨ੍ਹਾਂ ਲਾਭਾਂ ’ਚ ਮੈਡੀਕਲ ਹੈਲਥ ਕਵਰੇਜ, ਪ੍ਰਾਵੀਡੈਂਟ ਫੰਡ ਅਤੇ ਦਿਵਿਆਂਗਾਂ ਦੇ ਮਾਮਲਿਆਂ ’ਚ ਵਿੱਤੀ ਸਹਾਇਤਾ ਆਦਿ ਸ਼ਾਮਲ ਹਨ। ਕਿਰਤ ਸਕੱਤਰ ਨੇ ਦਾਅਵਾ ਕੀਤਾ ਕਿ ਦੇਸ਼ ’ਚ ਬੇਰੁਜ਼ਗਾਰੀ ਦਰ ਪਹਿਲਾਂ ਨਾਲੋਂ ਘਟੀ ਹੈ। ਉਨ੍ਹਾਂ ਕਿਹਾ ਕਿ 2017 ’ਚ ਬੇਰੁਜ਼ਗਾਰੀ ਦਰ 6 ਫ਼ੀਸਦ ਸੀ ਜੋ ਅੱਜ ਘੱਟ ਕੇ 3.2 ਫ਼ੀਸਦ ਰਹਿ ਗਈ ਹੈ। -ਏਐੱਨਆਈ