ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਪਰਵਾਸੀ ਮਜ਼ਦੂਰਾਂ ਲਈ ਪਈ ਮਾਰੋ-ਮਾਰ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਜੂਨ
ਬੀਤੇ ਕੁੱਝ ਹਫ਼ਤਿਆਂ ਦੌਰਾਨ ਮਾਲਵੇ ਦੇ ਕਈ ਪਿੰਡਾਂ ਵਿੱਚ ਪੰਜਾਬੀਆਂ ਅਤੇ ਪਰਵਾਸੀ ਮਜ਼ਦੂਰਾਂ ਦਰਮਿਆਨ ਪੈਦਾ ਹੋਏ ਤਣਾਅ ਅਤੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦੇ ਅਖਾਉਤੀ ਹੁਕਮਾਂ ਦੇ ਉਲਟ ਝੋਨੇ ਦੀ ਲਗਵਾਈ ਸ਼ੁਰੂ ਹੋਣ ਜਾਣ ਹੁਣ ਸਥਿਤੀ ਬਿਲਕੁਲ ਬਦਲ ਗਈ ਹੈ।
ਯੂਪੀ ਬਿਹਾਰ ਅਤੇ ਉੜੀਸਾ ਤੋਂ ਆ ਰਹੀਆਂ ਪਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਦਾ ਸਵਾਗਤ ਕਰਨ ਤੋਂ ਇਲਾਵਾ ਵੱਡੀਆਂ ਪੈਲੀਆਂ ਵਾਲੇ ਕਿਸਾਨ ਤਾਂ ਇਕ ਦੂਸਰੇ ਨਾਲ ਲੜਨ ਤੱਕ ਜਾਂਦੇ ਹਨ ਅਤੇ ਇਸ ਸਬੰਧ ਵਿੱਚ ਸ਼ਿਕਾਇਤਾਂ ਪੰਚਾਇਤਾਂ ਅਤੇ ਥਾਣਿਆਂ ਵਿੱਚ ਵੀ ਅੱਪੜਨੀਆਂ ਸ਼ੁਰੂ ਹੋ ਗਈਆਂ ਹਨ।
ਕਿਸਾਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਇਹ ਸੰਭਵ ਨਹੀਂ ਕਿ ਨਿੱਜੀ ਝਗੜਿਆਂ ਕਾਰਨ ਪਰਵਾਸੀ ਮਜ਼ਦੂਰਾਂ ਜਾਂ ਕਿਸੇ ਖਾਸ ਵਰਗ ਦੇ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਕੀਤਾ ਜਾ ਸਕੇ। ਸ਼ਹਿਰ ਦੇ ਨਾਲ ਲੱਗਦੇ ਪਿੰਡ ਛੰਨਾ ਦੀ ਸਰਪੰਚ ਰਛਪਾਲ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ ਵਿੱਚ ਕਦੇ ਵੀ ਪਰਵਾਸੀ ਮਜ਼ਦੂਰਾਂ ਜਾਂ ਕਿਸੇ ਖਾਸ ਵਰਗ ਦੇ ਮੈਂਬਰਾਂ ਨਾਲ ਵਿਤਕਰਾ ਜਾਂ ਨਫ਼ਰਤ ਨਹੀਂ ਕੀਤੀ ਗਈ। ਖਾਸ ਕਰ ਕੇ ਝੋਨਾ ਲਗਾਉਣ ਦੇ ਦਿਨਾਂ ਵਿੱਚ ਪਿੰਡ ਵਾਸੀ ਆਪਣੇ ਮਜ਼ਦੂਰ ਕਿਸੇ ਹੋਰ ਇਲਾਕੇ ਜਾਂ ਪਿੰਡ ਦੇ ਕਿਸਾਨਾਂ ਵੱਲੋਂ ਜ਼ਿਆਦਾ ਲਾਲਚ ਦੇ ਕੇ ਲਿਜਾਣ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਹਨ।
ਰਛਪਾਲ ਕੌਰ ਨੇ ਦਾਅਵਾ ਕੀਤਾ ਕਿ ਜਿਹੜੀਆਂ ਮਜ਼ਦੂਰ ਟੋਲੀਆਂ ਨਾਲ ਔਰਤਾਂ ਜਾਂ ਬੱਚੇ ਹੁੰਦੇ ਹਨ ਉਨ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਉਮਰਪੁਰਾ ਦੇ ਇੱਕ ਕਿਸਾਨ ਪਰਿਵਾਰ ਵਿਰੁੱਧ ਪਰਚਾ ਦਰਜ ਕੀਤੇ ਜਾਣ ਦੇ ਵੇਰਵੇ ਨਾਲ ਸਮਾਜਿਕ ਆਗੂ ਹਰਜਿੰਦਰ ਸਿੰਘ ਨੇ ਕਿਹਾ ਕਿ ਉਕਤ ਝਗੜਾ ਪਰਵਾਸੀ ਮਜ਼ਦੂਰਾਂ ਦੀ ਇੱਕ ਟੋਲੀ ਵੱਲੋਂ ਪਹਿਲਾਂ ਅਤੇ ਬਾਅਦ ਵਿੱਚ ਕੰਮ ਸ਼ੁਰੂ ਕਰਨ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਜੋ ਕਿ ਬਾਅਦ ਵਿੱਚ ਹਿੰਸਕ ਰੂਪ ਲੈ ਗਿਆ। ਹਰਜਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪੇਂਡੂ ਇਲਾਕੇ ਦੇ ਥਾਣਿਆਂ ਵਿੱਚ ਆਉਣ ਵਾਲੇ ਝਗੜਿਆਂ ਵਿੱਚ ਜ਼ਿਆਦਤਰ ਝੋਨੇ ਦੀ ਪਨੀਰੀ ਲਗਾਉਣ ਦੇ ਸਬੰਧ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਹੋਣੇ ਹਨ।
ਨੌਜਵਾਨ ਕਿਸਾਨ ਆਗੂ ਧਨਵੰਤ ਸਿੰਘ ਸਮਰਾ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁੱਝ ਸਿਆਸੀ ਆਗੂ ਸਿਰਫ਼ ਆਪਣਾ ਤੋਰੀ ਫੁਲਕਾ ਚੱਲਦਾ ਰੱਖਣ ਲਈ ਪਰਵਾਸੀਆਂ ਅਤੇ ਗੈਰ-ਪਰਵਾਸੀਆਂ ਦੇ ਛੋਟੇ ਮੋਟੇ ਝਗੜਿਆਂ ਨੂੰ ਫਿਰਕੂ ਰੰਗਤ ਦੇ ਦਿੰਦੇ ਹਨ। ਧਨਵੰਤ ਸਿੰਘ ਨੇ ਦਲੀਲ ਦਿੱਤੀ ਕਿ ਜਿਸ ਤਰ੍ਹਾਂ ਪੰਜਾਬੀ ਸਾਰੀ ਦੁਨੀਆਂ ਵਿੱਚ ਆਪਣੇ ਕਿੱਤਿਆਂ ਦੀ ਮੁਹਾਰਤ ਨਾਲ ਆਪਣਾ ਲੋਹਾ ਮਨਵਾ ਰਹੇ ਹਨ ਉਸੇ ਤਰ੍ਹਾਂ ਝੋਨਾ ਲਗਾਉਣ ਸਮੇਤ ਕਿਸਾਨੀ ਦੇ ਜ਼ਿਆਦਾਤਰ ਕੰਮਾਂ ਲਈ ਸੂਬੇ ਵਿੱਚ ਪਰਵਾਸੀ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ।