For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਮੀਂਹ ਨਾਲ ਕਿਸਾਨਾਂ ਤੇ ਪਾਵਰਕੌਮ ਨੂੰ ਆਇਆ ਸੁੱਖ ਦਾ ਸਾਹ

03:05 PM Jun 30, 2023 IST
ਪੰਜਾਬ ਵਿੱਚ ਮੀਂਹ ਨਾਲ ਕਿਸਾਨਾਂ ਤੇ ਪਾਵਰਕੌਮ ਨੂੰ ਆਇਆ ਸੁੱਖ ਦਾ ਸਾਹ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 29 ਜੂਨ

ਪੰਜਾਬ ‘ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਅੱਜ ਦੁਪਹਿਰ ਵੇਲੇ ਮਾਲਵਾ ਖੇਤਰ ‘ਚ ਪਏ ਮੌਨਸੂਨ ਦੇ ਪਹਿਲੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉਥੇ ਹੀ ਕਈ ਸ਼ਹਿਰਾਂ ਵਿੱਚ ਜਲ-ਥਲ ਕਰ ਦਿੱਤਾ। ਇਸ ਮੀਂਹ ਨਾਲ ਕਿਸਾਨਾਂ ਤੇ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੌਰਾਨ ਸੜਕਾਂ ‘ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ‘ਚ ਮੌਨਸੂਨ ਦੀ ਆਮਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਦੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਭਰਵਾਂ ਮੀਂਹ ਪਿਆ। ਇਸ ਤੋਂ ਇਲਾਵਾ ਮਾਝਾ ਅਤੇ ਦੁਆਬਾ ਵਿੱਚ ਮੌਸਮ ਹੁੰਮਸ ਭਰਿਆ ਰਿਹਾ। ਉਨ੍ਹਾਂ ਦੱਸਿਆ ਕਿ ਸੂਬੇ ‘ਚ ਭਲਕੇ 30 ਜੂਨ ਅਤੇ ਪਹਿਲੀ ਤੋਂ 3 ਜੁਲਾਈ ਤੱਕ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਹ ਮੀਂਹ ਖੇਤੀਬਾੜੀ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਗੇਤਾ ਨਰਮਾ ਲਗਾਉਣ ਵਾਲਿਆਂ ਨੂੰ ਫਸਲ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ ਅਤੇ ਲੋੜ ਪੈਣ ‘ਤੇ ਸਪਰੇਅ ਕੀਤੀ ਜਾਣੀ ਚਾਹੀਦੀ ਹੈ।

ਮੌਸਮ ਦਾ ਮਿਜ਼ਾਜ ਬਦਲਣ ਕਾਰਨ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਅੱਜ ਪੰਜਾਬ ‘ਚ ਦੁਪਹਿਰ ਸਮੇਂ ਮੀਂਹ ਪੈਣ ਤੋਂ ਪਹਿਲਾਂ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਸੀ। ਪਰ ਸ਼ਾਮ ਸਮੇਂ ਕੁਝ ਹਿੱਸਿਆਂ ‘ਚ ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ ਘੱਟ ਕੇ 11 ਹਜ਼ਾਰ ਮੈਗਾਵਾਟ ਦੇ ਕਰੀਬ ਰਹਿ ਗਈ। ਜਾਣਕਾਰੀ ਅਨੁਸਾਰ ਪਟਿਆਲਾ ‘ਚ 26 ਐੱਮਐੱਮ, ਚੰਡੀਗੜ੍ਹ ‘ਚ 11.4 ਐੱਮਐੱਮ, ਲੁਧਿਆਣਾ ‘ਚ 9 ਐੱਮਐੱਮ, ਫਤਹਿਗੜ੍ਹ ਸਾਹਿਬ ‘ਚ 7 ਐੱਮਐੱਮ ਪਿਆ ਹੈ। ਪੰਜਾਬ ਵਿਚ ਕਈ ਥਾਵਾਂ ‘ਤੇ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਘੱਗਰ ਦਰਿਆ ਵਿੱਚ ਡੁੱਬ ਕੇ 39 ਪਸ਼ੂ ਮਰੇ

ਗੂਹਲਾ ਚੀਕਾ (ਪੱਤਰ ਪ੍ਰੇਰਕ): ਘੱਗਰ ਦਰਿਆ ਵਿੱਚ ਪਿੰਡ ਸਰੌਲਾ ਸਾਈਫਨ ਨੇੜੇ 32 ਮੱਝਾਂ ਅਤੇ ਸੱਤ ਗਊਆਂ ਡੁੱਬਣ ਕਾਰਨ ਮਰ ਗਈਆਂ। ਜਾਣਕਾਰੀ ਅਨੁਸਾਰ ਲਿਆਕਤ ਅਲੀ ਅਤੇ ਇਸ ਦੇ ਪਰਿਵਾਰਕ ਮੈਂਬਰ ਵਾਸੀ ਪਿੰਡ ਮਾਨ ਮਾਜਰਾ ਜ਼ਿਲ੍ਹਾ ਮਾਲੇਰਕੋਟਲਾ ਆਪਣੀਆਂ ਕਰੀਬ 120 ਮੱਝਾਂ ਅਤੇ ਗਊਆਂ ਚਰਾਉਣ ਲਈ ਪਿੰਡ ਸਰੌਲਾ ਗੂਹਲਾ ਵਿੱਚ ਘੱਗਰ ਨਦੀ ਦੇ ਕੋਲ ਲੈ ਕੇ ਆਏ ਸਨ। ਇਨ੍ਹਾਂ ਵਿਚੋਂ ਕੁੱਝ ਪਸ਼ੂ ਪਾਣੀ ਪੀਣ ਤੇ ਨਹਾਉਣ ਲਈ ਘੱਗਰ ਨਦੀ ਵਿੱਚ ਉੱਤਰ ਗਏ। ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ 32 ਮੱਝਾਂ ਅਤੇ ਸੱਤ ਗਊਆਂ ਮਰ ਗਈਆਂ। ਇਸ ਸਬੰਧ ਵਿੱਚ ਥਾਣਾ ਇੰਚਾਰਜ ਗੂਹਲਾ ਸੁਰੇਸ਼ ਕੁਮਾਰ ਨੇ ਕਿਹਾ ਕਿ ਪਾਣੀ ਵਿੱਚ ਡੁੱਬਣ ਕਾਰਨ 32 ਮੱਝਾਂ ਅਤੇ ਸੱਤ ਗਾਵਾਂ ਮਰ ਗਈਆਂ ਹਨ। ਉਨ੍ਹਾਂ ਨੇ ਘਟਨਾ ਵਿੱਚ ਕਾੱਰਵਾਈ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

Advertisement
Tags :
Advertisement
Advertisement
×