ਜਸਟਿਸ ਕੋਟਿਸ਼ਵਰ ਤੇ ਮਹਾਦੇਵਨ ਦੀ ਤਰੱਕੀ ਨਾਲ ਸੁਪਰੀਮ ਕੋਰਟ ’ਚ ਮੁਕੰਮਲ ਹੋ ਜਾਵੇਗੀ ਜੱਜਾਂ ਦੀ ਗਿਣਤੀ
ਨਵੀਂ ਦਿੱਲੀ, 16 ਜੁਲਾਈ
ਜਸਟਿਸ ਐਨ ਕੋਟਿਸ਼ਵਰ ਸਿੰਘ ਤੇ ਜਸਟਿਸ ਆਰ ਮਹਾਦੇਵਨ ਦੀ ਤਰੱਕੀ ਦੇ ਨਾਲ ਸੁਪਰੀਮ ਕੋਰਟ 34 ਜੱਜਾਂ ਦੀਆਂ ਮਨਜ਼ੂਰਸ਼ੁਦਾ ਅਹੁਦਿਆਂ ਦੀ ਗਿਣਤੀ ਹਾਸਲ ਕਰ ਲਵੇਗਾ। ਸੁਪਰੀਮ ਕੋਰਟ ’ਚ ਮੌਜੂਦਾ ਸਮੇਂ 32 ਜੱਜ ਹਨ। ਚੀਫ ਜਸਟਿਸ ਡੀਵਾਈ ਚੰਦਰਚੂੜ 18 ਜੁਲਾਈ ਨੂੰ ਜਸਟਿਸ ਸਿੰਘ ਤੇ ਜਸਟਿਸ ਮਹਾਦੇਵਨ ਨੂੰ ਅਹੁਦੇ ਦੀ ਸਹੁੰ ਚੁਕਵਾ ਸਕਦੇ ਹਨ। ਜਸਟਿਸ ਹਿਮਾ ਕੋਹਲੀ ਦੇ 1 ਸਤੰਬਰ, 2024 ਨੂੰ ਸੇਵਾਮੁਕਤ ਹੋਣ ਤੱਕ ਸੁਪਰੀਮ ਕੋਰਟ 34 ਜੱਜਾਂ ਨਾਲ ਕੰਮ ਕਰੇਗਾ। ਇਸ ਮਗਰੋਂ ਚੀਫ ਜਸਟਿਸ ਚੰਦਰਚੂੜ ਇਸ ਸਾਲ 10 ਨਵੰਬਰ ਨੂੰ ਸੇਵਾਮੁਕਤ ਹੋਣਗੇ। ਚੀਫ ਜਸਟਿਸ ਦੀ ਪ੍ਰਧਾਨਗੀ ਹੇਠਲੇ ਪੰਜ ਜੱਜਾਂ ਦੇ ਕੌਲਿਜੀਅਮ ਨੇ 11 ਜੁਲਾਈ ਨੂੰ ਕੇਂਦਰ ਨੂੰ ਜਸਟਿਸ ਸਿੰਘ ਤੇ ਜਸਟਿਸ ਮਹਾਦੇਵਨ ਦੇ ਨਾਵਾਂ ਦੀ ਸਿਫਾਰਸ਼ ਸੁਪਰੀਮ ਕੋਰਟ ’ਚ ਤਰੱਕੀ ਲਈ ਕੀਤੀ ਸੀ। ਜੰਮੂ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਐਨ ਕੋਟਿਸ਼ਵਰ ਸਿੰਘ ਸੁਪਰੀਮ ਕੋਰਟ ’ਚ ਨਿਯੁਕਤ ਹੋਣ ਵਾਲੇ ਮਨੀਪੁਰ ਤੋਂ ਪਹਿਲੇ ਜੱਜ ਹੋ ਗਏ ਹਨ। ਜਸਟਿਸ ਮਹਾਦੇਵਨ ਮੌਜੂਦਾ ਸਮੇਂ ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਹਨ। -ਪੀਟੀਆਈ