For the best experience, open
https://m.punjabitribuneonline.com
on your mobile browser.
Advertisement

ਆਗੂਆਂ ਦੀ ਘਰ ਵਾਪਸੀ ਨਾਲ ਅਕਾਲੀ ਦਲ ਦੇ ਪੈਰਾਂ ਸਿਰ ਹੋਣ ਦੀ ਆਸ

09:11 AM Dec 27, 2023 IST
ਆਗੂਆਂ ਦੀ ਘਰ ਵਾਪਸੀ ਨਾਲ ਅਕਾਲੀ ਦਲ ਦੇ ਪੈਰਾਂ ਸਿਰ ਹੋਣ ਦੀ ਆਸ
Advertisement

ਦਵਿੰਦਰ ਪਾਲ
ਚੰਡੀਗੜ੍ਹ, 26 ਦਸੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਏਕਤਾ ਦੇ ਨਾਅਰੇ ਹੇਠ ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਮੁੜ ਤੋਂ ਮੁੱਖ ਧਾਰਾ ਵਿੱਚ ਲਿਆਉਣ ਦੀ ਵਿੱਢੀ ਮੁਹਿੰਮ ਤੋਂ ਬਾਅਦ ਅਕਾਲੀ ਦਲ ਦੇ ਆਗੂ ਪਾਰਟੀ ਦੇ ਮੁੜ-ਪੈਰਾਂ ਸਿਰ ਹੋਣ ਦੀ ਆਸ ਲਾਉਣ ਲੱਗੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 14 ਦਸੰਬਰ ਨੂੰ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਰੁੱਸੇ ਹੋਏ ਆਗੂਆਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ ਗਈ ਸੀ। ਸ੍ਰੀ ਬਾਦਲ ਦੀ ਅਪੀਲ ਤੋਂ ਬਾਅਦ ਅਕਾਲੀ ਆਗੂਆਂ ਨੇ ਰੁੱਸੇ ਹੋਏ ਪੁਰਾਣੇ ਆਗੂਆਂ ਨਾਲ ਜੋੜ-ਤੋੜ ਆਰੰਭ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਣੇ ਹੋਰਨਾਂ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਨੂੰ ਅਕਾਲੀ ਦਲ ਵਿੱਚ ਵਾਪਸ ਲਿਆਉਣ ’ਚ ਵੀ ਚੰਦੂਮਾਜਰਾ ਨੇ ਭੂਮਿਕਾ ਨਿਭਾਈ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਅਕਾਲੀ ਦਲ ਵਿੱਚ ਵਾਪਸ ਆਉਣ ਤੋਂ ਬਾਅਦ ਪਾਰਟੀ ਕੌਮੀ ਰਾਜਧਾਨੀ ਵਿੱਚ ਪਹਿਲਾਂ ਨਾਲੋਂ ਮਜ਼ਬੂਤ ਸਥਿਤੀ ਵਿੱਚ ਹੋਣ ਦਾ ਦਾਅਵਾ ਕਰਨ ਲੱਗੀ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਪਾਰਟੀ ਦੀਆਂ ਹੋਰਨਾਂ ਮਹਿਲਾ ਆਗੂਆਂ ਜਿਨ੍ਹਾਂ ਬਗਾਵਤ ਦਾ ਰੁਖ਼ ਅਖਤਿਆਰ ਕਰ ਲਿਆ ਸੀ, ਨੂੰ ਵੀ ਪਾਰਟੀ ਵਿੱਚ ਮੁੜ ਤੋਂ ਸਰਗਰਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਵੀ ਮੁੜ ਤੋਂ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਹਾਲ ਦੀ ਘੜੀ ਅਕਾਲੀ ਦਲ ਨਾਲ ਸਿਆਸੀ ਸਾਂਝ ਦੇ ਰੌਂਅ ਵਿੱਚ ਨਹੀਂ ਹੈ। ਸੁਖਬੀਰ ਬਾਦਲ ਵੱਲੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਇੱਕ ਮੀਟਿੰਗ ਕਰ ਕੇ ‘ਪੰਥਕ ਏਕਤਾ’ ਵਿਚਾਰਨ ਲਈ ਕਮੇਟੀ ਗਠਿਤ ਕਰਨ ਦਾ ਫੈਸਲਾ ਲਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਸਾਲ 2018 ਵਿੱਚ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਮਗਰੋਂ ਸਾਲ 2020 ਵਿੱਚ ਵੱਖਰਾ ਅਕਾਲੀ ਧੜਾ ਕਾਇਮ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਬਾਦਲਾਂ ਦਾ ਗ਼ਲਬਾ ਤੋੜਨ ਦੇ ਯਤਨ ਕੀਤੇ ਗਏ ਪਰ ਇਨ੍ਹਾਂ ਯਤਨਾਂ ਨੂੰ ਬੂਰ ਨਾ ਪਿਆ। ਦੇਖਿਆ ਜਾਵੇ ਤਾਂ ਸਾਲ 2015 ਵਿੱਚ ਜਦੋਂ ਅਕਾਲੀ ਦਲ ਬੇਅਦਬੀ ਦੇ ਦੋਸ਼ਾਂ ਵਿੱਚ ਘਿਰਿਆ ਸੀ ਉਦੋਂ ਤੋਂ ਹੀ ਪਾਰਟੀ ਅਤੇ ਬਾਦਲ ਪਰਿਵਾਰ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਇਸੇ ਸਮੇਂ ਦੌਰਾਨ ਸਾਲ 2017 ਵਿੱਚ ਪਾਰਟੀ ਨੇ ਭਾਜਪਾ ਨਾਲ ਰਲ ਕੇ ਮਹਿਜ਼ 15 ਵਿਧਾਨ ਸਭਾ ਸੀਟਾਂ ਜਿੱਤੀਆਂ ਅਤੇ ਸਾਲ 2019 ਵਿੱਚ ਤਾਂ ਸੰਸਦ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਪਹੁੰਚ ਸਕੇ ਸਨ। ਉਸ ਤੋਂ ਬਾਅਦ ਵੀ ਚੁਣੌਤੀਆਂ ਘਟਣ ਦੀ ਥਾਂ ਵਧ ਰਹੀਆਂ ਹਨ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘਟ ਕੇ 18 ਫੀਸਦੀ ਤੱਕ ਰਹਿ ਗਿਆ ਸੀ। ਪੰਜਾਬ ਵਿਧਾਨ ਸਭਾ ਵਿੱਚ ਵੀ ਪਾਰਟੀ ਨੂੰ ਤਿੰਨ ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਤਰ੍ਹਾਂ ਆਗਾਮੀ ਸੰਸਦੀ ਚੋਣਾਂ ਅਕਾਲੀ ਦਲ, ਖਾਸ ਕਰ ਕੇ ਸੁਖਬੀਰ ਬਾਦਲ ਲਈ ਵੱਡੀ ਪ੍ਰੀਖਿਆ ਹਨ।

Advertisement

ਢੀਂਡਸਾ ਨੇ ਪੰਥਕ ਏਕਤਾ ਦਾ ਮੁੱਦਾ ਵਿਚਾਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ

Advertisement

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੰਥਕ ਏਕਤਾ ਦਾ ਮੁੱਦਾ ਵਿਚਾਰਨ ਤੇ ਪਾਰਟੀ ਵਰਕਰਾਂ ਦੀ ਰਾਏ ਜਾਣਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾਮੁਕਤ) ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਂਬਰਾਂ ਵਜੋਂ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਔਲਖ, ਜਨਰਲ ਸਕੱਤਰ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਸੁਖਵੰਤ ਸਿੰਘ ਸਰਾਓ ਅਤੇ ਐਗਜ਼ੈਕਟਿਵ ਮੈਂਬਰ (ਐਸਜੀਪੀਸੀ) ਜਸਵੰਤ ਸਿੰਘ ਪੁੜੈਣ ਸ਼ਾਮਲ ਹਨ। ਸ੍ਰੀ ਢੀਂਡਸਾ ਨੇ ਦੱਸਿਆ ਕਿ ਇਹ ਕਮੇਟੀ 15 ਦਿਨਾਂ ਦੇ ਅੰਦਰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਕੇ ਇਕ ਰਿਪੋਰਟ ਉਨ੍ਹਾਂ ਨੂੰ ਸੌਂਪੇਗੀ ਜਿਸ ਤੋਂ ਬਾਅਦ ਸੀਨੀਅਰ ਆਗੂਆਂ ਦੀ ਮੀਟਿੰਗ ਸੱਦ ਕੇ ਇਸ ਰਿਪੋਰਟ ’ਤੇ ਫੈਸਲਾ ਲਿਆ ਜਾਵੇਗਾ ਅਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ।

Advertisement
Author Image

Advertisement