ਟੌਲ ਦਰਾਂ ’ਚ ਵਾਧੇ ਨਾਲ ਅੱਜ ਤੋਂ ਸਫਰ ਹੋਵੇਗਾ ਮਹਿੰਗਾ
ਪੱਤਰ ਪ੍ਰੇਰਕ
ਸ਼ਾਹਕੋਟ, 31 ਮਾਰਚ
ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਟੌਲ ਦਰਾਂ ਵਿੱਚ ਕੀਤੇ ਵਾਧੇ ਨਾਲ ਪਹਿਲੀ ਅਪਰੈਲ ਤੋਂ ਕੌਮੀ ਸ਼ਾਹਰਾਹ ’ਤੇ ਸਫਰ ਕਰਨਾ ਮਹਿੰਗਾ ਹੋ ਜਾਵੇਗਾ। ਚੱਕ ਬਾਂਹਮਣੀਆਂ ਦੇ ਟੌਲ ਪਲਾਜ਼ਾ ਦੇ ਮੈਨੇਜ਼ਰ ਸੋਨੂੰ ਤੋਮਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵੱਲੋਂ ਟੌਲ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ, ਜੋ ਪਹਿਲੀ ਅਪਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੀਪਾਂ, ਕਾਰਾਂ ਅਤੇ ਵੈਨਾਂ ਨੂੰ ਇਸ ਵਾਧੇ ਤੋਂ ਬਾਹਰ ਰੱਖਿਆ ਗਿਆ ਹੈ, ਇਸ ਕਰ ਕੇ ਉਨ੍ਹਾਂ ਦੇ ਟੌਲ ਦੀ ਕੀਮਤ ਪੁਰਾਣੀ 120 ਰੁਪਏ ਹੀ ਰਹੇਗੀ। ਟੌਲ ਵਿੱਚ ਵਾਧਿਆਂ ਦਾ ਜ਼ਿਕਰ ਕਰਦਿਆ ਉਨ੍ਹਾਂ ਦੱਸਿਆ ਕਿ ਹਲਕੇ ਵਪਾਰਕ ਵਾਹਨ ਮਿਨੀ ਬੱਸਾਂ ਦੇ ਟੌਲ ਵਿੱਚ 5 ਰੁਪਏ ਕੀਤੇ ਵਾਧੇ ਨਾਲ ਇਸ ਦੀ ਕੀਮਤ 200 ਰੁਪਏ ਹੋ ਜਾਵੇਗੀ। ਬੱਸਾਂ ਤੇ ਟਰੱਕਾਂ ਦਾ ਟੌਲ 405 ਰੁਪਏ ਤੋਂ ਵਧ ਕੇ 415, ਤਿੰਨ ਧੁਰਾਂ ਵਾਲੇ ਵਪਾਰਕ ਵਾਹਨਾਂ ਦਾ ਟੌਲ 440 ਤੋਂ ਵਧ ਕੇ 450, ਭਾਰੀ ਵਾਹਨਾਂ ਚਾਰ ਤੋਂ ਛੇ ਟਾਇਰਾਂ ਵਾਲੇ ਵਾਹਨਾਂ ਦਾ 635 ਤੋਂ ਵਧ ਕੇ 650 ਅਤੇ ਸੱਤ ਟਾਇਰ ਵਾਲੇ ਵੱਡੇ ਵਾਹਨਾਂ ਦਾ ਟੌਲ 770 ਤੋਂ ਵਧ ਕੇ 790 ਰੁਪਏ ਹੋ ਜਾਵੇਗਾ। 24 ਘੰਟੇ ਵਿੱਚ ਵਾਪਸ ਆਉਣ ਵਾਲੇ ਵਾਹਨਾਂ ਵਾਪਸੀ ’ਤੇ ਅੱਧਾ ਅਤੇ ਬਿਨਾਂ ਫਾਸਟ ਟੈਗ ਤੋ ਲੰਘਣ ਵਾਲੀਆਂ ਕਾਰਾਂ ਤੋ ਦੁਗਣਾ ਟੌਲ ਟੈਕਸ ਵਸੂਲਿਆ ਜਾਵੇਗਾ। ਟੌਲ ਦਰਾਂ ਵਿੱਚ ਕੀਤੇ ਵਾਧੇ ਨਾਲ ਨਿਤ ਵਰਤੋਂ ਦੀਆਂ ਵਸਤੂਆਂ ਵੀ ਮਹਿੰਗੀਆਂ ਹੋ ਜਾਣਗੀਆਂ। ਵਾਧੇ ਨਾਲ ਜਿੱਥੇ ਆਮ ਵਾਹਨ ਚਾਲਕਾਂ ਦੀਆਂ ਜੇਬਾਂ ਉੱਪਰ ਬੋਝ ਵਧੇਗਾ ਉੱਥੇ ਆਮ ਲੋਕਾਂ ਦੀ ਜ਼ਿੰਦਗੀ ਉੱਪਰ ਵੀ ਇਸਦਾ ਗਹਿਰਾ ਅਸਰ ਪਵੇਗਾ। ਰਾਜਸਥਾਨ, ਹਰਿਆਣਾ ਅਤੇ ਮਾਲਵਾ ਖੇਤਰ ਤੋਂ ਆਉਣ ਵਾਲਿਆਂ ਅਤੇ ਦੋਆਬੇ ਤੋ ਮਾਲਵਾ, ਹਰਿਆਣਾ ਅਤੇ ਰਾਜਸਥਾਨ ਨੂੰ ਜਾਣ ਵਾਲਿਆਂ ਦਾ ਸਫਰ ਹੁਣ ਮਹਿੰਗਾ ਹੋ ਜਾਵੇਗਾ।