For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੇ ਪਹਿਲੇ ਮੀਂਹ ਨਾਲ ਮਹੀਨਾ ਪਹਿਲਾਂ ਬਣਾਇਆ ਨਿਕਾਸੀ ਨਾਲਾ ਟੁੱਟਿਆ

07:37 AM Jul 04, 2024 IST
ਮੌਨਸੂਨ ਦੇ ਪਹਿਲੇ ਮੀਂਹ ਨਾਲ ਮਹੀਨਾ ਪਹਿਲਾਂ ਬਣਾਇਆ ਨਿਕਾਸੀ ਨਾਲਾ ਟੁੱਟਿਆ
ਮੀਂਹ ਕਾਰਨ ਟੁੱਟਿਆ ਨਿਕਾਸੀ ਨਾਲਾ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 3 ਜੁਲਾਈ
ਬਲਾਕ ਰਾਜਪੁਰਾ ਅਧੀਨ ਪੈਂਦੇ ਬਨੂੜ ਨੇੜਲੇ ਕਸਬਾ ਮਾਣਕਪੁਰ ਵਿੱਚ ਇੱਕ ਮਹੀਨਾ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਪਾਣੀ ਦੀ ਨਿਕਾਸੀ ਲਈ ਬਣਾਏ ਨਾਲੇ ਦਾ 20 ਫੁੱਟ ਦੇ ਕਰੀਬ ਹਿੱਸਾ ਹਾੜ ਦੇ ਪਹਿਲੇ ਮੀਂਹ ਨਾਲ ਹੀ ਬਿਲਕੁਲ ਟੁੱਟ ਗਿਆ ਹੈ। ਪਿੰਡ ਦੇ ਵਸਨੀਕਾਂ ਨੇ ਪੰਚਾਇਤੀ ਰਾਜ ਵੱਲੋਂ ਬਣਾਏ ਇਸ ਨਾਲੇ ਵਿੱਚ ਵਰਤੀ ਸਮੱਗਰੀ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਕੋਲੋਂ ਨਾਲੇ ਦੇ ਆਲੇ-ਦੁਆਲੇ ਪਈ ਖਾਲੀ ਥਾਂ ਵਿੱਚ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਵੀ ਕੀਤੀ ਹੈ।
ਪਿੰਡ ਦੇ ਨੰਬਰਦਾਰ ਪ੍ਰੇਮ ਕੁਮਾਰ, ਸਾਬਕਾ ਪੰਚ ਅਮਰਜੀਤ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ, ਅਜੀਤ ਪ੍ਰਸ਼ਾਦ, ਪੱਪੀ ਸ਼ਰਮਾ ਤੇ ਰਾਜੂ ਆਦਿ ਨੇ ਦੱਸਿਆ ਕਿ ਇਹ ਛੇ ਫੁੱਟ ਚੌੜਾ ਨਾਲਾ ਹਾਲੇ ਕੁੱਝ ਸਮਾਂ ਪਹਿਲਾਂ ਹੀ ਬਣਿਆ ਹੈ। ਉਨ੍ਹਾਂ ਕਿਹਾ ਕਿ ਕੰਕਰੀਟ ਦੇ ਇਸ ਨਾਲੇ ਵਿੱਚ ਕੋਈ ਵੀ ਸਰੀਆ ਨਹੀਂ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮੀਂਹ ਦੇ ਥੋੜੇ ਜਿਹੇ ਛਿੜਕੇ ਨਾਲ ਹੀ ਨਾਲੇ ਦਾ ਇਹ ਹਿੱਸਾ ਬਿਲਕੁਲ ਢਹਿ-ਢੇਰੀ ਹੋ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਾਲੇ ਦੀ ਉਸਾਰੀ ਵੀ ਸਹੀ ਨਹੀਂ ਹੋਈ ਅਤੇ ਸਿੱਧਾ ਨਾਲਾ ਬਣਾਉਣ ਦੀ ਥਾਂ ਇਸ ਵਿੱਚ ਦਰਜਨਾਂ ਮੋੜ ਪਾਏ ਗਏ। ਨਾਲੇ ਦੇ ਆਲੇ-ਦੁਆਲੇ ਪਈ ਟੋਭੇ ਦੀ ਥਾਂ ਉੱਤੇ ਲੋਕਾਂ ਨੇ ਮਿੱਟੀ ਦਾ ਭਰਤ ਪਾ ਕੇ ਕਬਜ਼ੇ ਕਰ ਲਏ ਹਨ ਤੇ ਕਈਆਂ ਨੇ ਕੰਧਾਂ ਵੀ ਕਰ ਲਈਆਂ ਹਨ। ਉਨ੍ਹਾਂ ਪਾਣੀ ਦੀ ਨਿਕਾਸੀ ਲਈ ਪਾਈ ਪਾਈਪਲਾਈਨ ’ਤੇ ਵੀ ਸਵਾਲ ਉਠਾਏ। ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤਾਂ ਭੰਗ ਹੋਣ ਕਾਰਨ ਪਿੰਡ ਦਾ ਕੋਈ ਵਾਲੀ ਵਾਰਿਸ ਨਹੀਂ ਹੈ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ। ਜ਼ਿਆਦਾ ਮੀਂਹ ਪੈਣ ਦੀ ਸੂਰਤ ਵਿੱਚ ਪਿੰਡ ’ਚ ਘਰਾਂ ਵਿੱਚ ਪਾਣੀ ਵੜਨ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਉੱਚ ਅਧਿਕਾਰੀ ਮੌਕੇ ’ਤੇ ਆ ਕੇ ਪਿੰਡ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ।

Advertisement

ਕਾਬਜ਼ਕਾਰਾਂ ਵੱਲੋਂ ਪਾਈ ਮਿੱਟੀ ਦੀ ਭਰਤ ਨੇ ਤੋੜਿਆ ਨਾਲਾ: ਐਕਸੀਅਨ

ਪੰਚਾਇਤੀ ਰਾਜ ਦੇ ਰਾਜਪੁਰਾ ਸਬ-ਡਿਵੀਜ਼ਨ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਨਾਲਾ ਟੁੱਟਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਤ ਠੇਕੇਦਾਰ ਕੋਲੋਂ ਇਸ ਨੂੰ ਪਹਿਲਾਂ ਅਦਾ ਕੀਤੀ ਗਈ ਰਾਸ਼ੀ ’ਤੇ ਹੀ ਮੁੜ ਬਣਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾਲੇ ’ਚ ਵਰਤੀ ਬਿਲਕੁਲ ਠੀਕ ਸੀ ਅਤੇ 616 ਫੁੱਟ ਲੰਬਾ ਨਾਲਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਨਾਲੇ ਦੇ ਨਾਲ-ਨਾਲ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਵੱਲੋਂ ਪੰਜ ਤੋਂ ਸੱਤ ਫੁੱਟ ਉੱਚੀ ਮਿੱਟੀ ਦੀ ਭਰਤ ਪਾ ਲਈ ਗਈ ਹੈ ਅਤੇ ਮਿੱਟੀ ਦੇ ਭਰਤ ਦੇ ਦਬਾਓ ਕਾਰਨ ਨਾਲਾ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਬੀਡੀਪੀਓ ਰਾਜਪੁਰਾ ਦਾ ਅਧਿਕਾਰ ਖੇਤਰ ਹੈ।

Advertisement

Advertisement
Author Image

Advertisement