ਮੰਡੀ ਬਣਨ ਨਾਲ ਮੱਛੀ ਪਾਲਕਾਂ ਸਣੇ ਮੰਡੀ ਬੋਰਡ ਦੀ ਆਮਦਨ ਵੀ ਵਧੇਗੀ: ਬਰਸਟ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਨਵੰਬਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਯਤਨਾ ਸਦਕਾ ਪਟਿਆਲਾ ਵਿੱਚ ਮੱਛੀ ਵਿਕਰੇਤਾਵਾਂ ਦੀ ਮੱਛੀ ਮਾਰਕੀਟ ਬਣਾਉਣ ਦੀ ਮੰਗ ਨੂੰ ਸਰਕਾਰ ਨੇ ਪੂਰੀ ਕਰ ਦਿੱਤੀ ਹੈ, ਜੋ ਮੱਛੀ ਪਾਲਕਾਂ ਅਤੇ ਕਾਰੋਬਾਰੀਆਂ ਲਈ ਵਧੇਰੇ ਕਾਰਗਰ ਸਾਬਤ ਹੋਵੇਗੀ। ਹਰਚੰਦ ਬਰਸਟ ਨੇ ਦੱਸਿਆ ਕਿ ਸਰਕਾਰ ਲੋਕ ਭਲਾਈ ਲਈ ਕਾਰਜਾਂ ਲਈ ਵਚਨਬੱਧ ਹੈ, ਜਿਸ ਤਹਿਤ ਹੀ ਪਟਿਆਲਾ ਦੇ ਘਲੋੜੀ ਪਿੰਡ ਵਿੱਰ ਆਧੁਨਿਕ ਨਵੀਂ ਮੱਛੀ ਮੰਡੀ ਬਣਾਈ ਗਈ ਹੈ ਜਿਸ ਨੂੰ ਥੋਕ ਮੰਡੀ ਵਜੋਂ ਵਿਕਸਿਤ ਕੀਤਾ ਗਿਆ ਹੈ। ਮੱਛੀ ਮੰਡੀ ਦੇ ਉਦਘਾਟਨ ਤੋਂ ਅਗਲੇ ਹੀ ਦਿਨ ਇਸ ਖੇਤਰ ਦਾ ਦੌਰਾ ਕਰਦਿਆਂ ਹਰਚੰਦ ਬਰਸਟ ਨੇ ਕਿਹਾ ਕਿ ਪਹਿਲਾਂ ਮੱਛੀ ਵਿਕਰੇਤਾਵਾਂ ਕੋਲ ਠੋਸ ਠਿਕਾਣਾ ਨਾ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹ ਕੇ ਹੀ ਕਾਰੋਬਾਰ ਚਲਾਉਣਾ ਪੈਂਦਾ ਸੀ ਜਿਸ ਕਰਕੇ ਕਾਰੋਬਾਰ ਵਧ ਫੁੱਲ ਨਹੀਂ ਸੀ ਸਕਦਾ। ਪਰ ਮੱਛੀ ਮੰਡੀ ਬਣਨ ਨਾਲ ਜਿਥੇ ਮੱਛੀ ਪਾਲਕਾਂ ਦੇ ਕਾਰੋਬਾਰ ’ਚ ਵਾਧਾ ਹੋਵੇਗਾ, ਉੱਥੇ ਹੀ ਲੋਕਾਂ ਨੂੰ ਵੀ ਢੁੱਕਵੀਂ ਸਹੂੁਲਤ ਮੁਹੱਈਆ ਹੋਈ ਹੈ ਅਤੇ ਨਾਲ ਹੀ ਪੰਜਾਬ ਮੰਡੀ ਬੋਰਡ ਦੀ ਆਮਦਨ ਵੀ ਵਧੇਗੀ।