ਅਰਥਚਾਰੇ ਵਿੱਚ ਮਜ਼ਬੂਤੀ ਨਾਲ 2024-25 ’ਚ ਵਿਕਾਸ ਦਰ 6.4 ਫੀਸਦ ਰਹੇਗੀ: ਆਰਬੀਆਈ
* ਅਰਥਚਾਰੇ ਨੂੰ ਦਿਹਾਤੀ ਖ਼ਪਤ ਵਿੱਚ ਸੁਧਾਰ, ਸਰਕਾਰੀ ਖ਼ਪਤ ਅਤੇ ਨਿਵੇਸ਼ ਵਿੱਚ ਤੇਜ਼ੀ ਤੇ ਮਜ਼ਬੂਤ ਸੇਵਾ ਬਰਾਮਦ ਨਾਲ ਸਹਿਯੋਗ ਮਿਲਣ ਦਾ ਦਾਅਵਾ
* ਸਾਉਣੀ-ਹਾੜ੍ਹੀ ਦੀਆਂ ਬੰਪਰ ਫ਼ਸਲਾਂ ਕਾਰਨ ਖੁਰਾਕ ਕੀਮਤਾਂ ਘਟਣ ਦੀ ਆਸ
ਮੁੰਬਈ, 30 ਦਸੰਬਰ
ਭਾਰਤੀ ਅਰਥਚਾਰਾ ਮਜ਼ਬੂਤੀ ਤੇ ਸਥਿਰਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.6 ਫੀਸਦ ਰਹਿਣ ਦਾ ਅਨੁਮਾਨ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਜਾਰੀ ਕੀਤੀ ਇਕ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਅਰਥਚਾਰੇ ਨੂੰ ਦਿਹਾਤੀ ਖ਼ਪਤ ਵਿੱਚ ਸੁਧਾਰ, ਸਰਕਾਰੀ ਖ਼ਪਤ ਤੇ ਨਿਵੇਸ਼ ਵਿੱਚ ਤੇਜ਼ੀ ਅਤੇ ਮਜ਼ਬੂਤ ਸੇਵਾ ਬਰਾਮਦ ਨਾਲ ਸਹਿਯੋਗ ਮਿਲਿਆ ਹੈ। ਰਿਪੋਰਟ ਵਿੱਚ ਮਹਿੰਗਾਈ ਬਾਰੇ ਕਿਹਾ ਗਿਆ ਹੈ ਕਿ ਸਾਉਣੀ ਤੇ ਹਾੜ੍ਹੀ ਦੀਆਂ ਬੰਪਰ ਫ਼ਸਲਾਂ ਕਰ ਕੇ ਅੱਗੇ ਚੱਲ ਕੇ ਖੁਰਾਕ ਕੀਮਤਾਂ ਘਟਣ ਦੀ ਆਸ ਹੈ।
ਰਿਜ਼ਰਵ ਬੈਂਕ ਨੇ ਵਿੱਤੀ ਸਥਿਰਤਾ ਰਿਪੋਰਟ (ਐੱਫਐੱਸਆਰ) ਦਾ ਦਸੰਬਰ, 2024 ਦਾ ਅੰਕ ਜਾਰੀ ਕੀਤਾ ਹੈ। ਰਿਪੋਰਟ ਭਾਰਤੀ ਵਿੱਤੀ ਪ੍ਰਣਾਲੀ ਦੀ ਜੁਝਾਰੂ ਸਮਰੱਥਾ ਤੇ ਵਿੱਤੀ ਸਥਿਰਤਾ ਦੇ ਖ਼ਤਰਿਆਂ ’ਤੇ ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫਐੱਸਡੀਸੀ) ਦੀ ਉਪ ਕਮੇਟੀ ਦੇ ਸਮੂਹਿਕ ਮੁਲਾਂਕਣ ਨੂੰ ਦਰਸਾਉਂਦੀ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ਮਜ਼ਬੂਤ ਲਾਭ, ਡੁੱਬੇ ਹੋਏ ਕਰਜ਼ਿਆਂ ਵਿੱਚ ਕਮੀ, ਲੋੜੀਂਦੀ ਪੂੰਜੀ ਤੇ ਨਕਦੀ ਭੰਡਾਰ ਕਰ ਕੇ ਅਨੁਸੂਚਿਤ ਵਣਜ ਬੈਂਕ (ਐੱਸਸੀਬੀ) ਮੁਨਾਫਾ ਵਧੀਆ ਸਥਿਤੀ ਵਿੱਚ ਹੈ। ਅਸਾਸਿਆਂ ’ਤੇ ਰਿਟਰਨ (ਆਰਓਏ) ਅਤੇ ਇਕੁਇਟੀ ’ਤੇ ਰਿਟਰਨ (ਆਰਓਈ) ਦਹਾਕੇ ਦੇ ਸਭ ਤੋਂ ਉੱਪਰਲੇ ਪੱਧਰ ’ਤੇ ਹੈ ਜਦਕਿ ਕੁੱਲ ਡੁੱਬੇ ਕਰਜ਼ੇ (ਜੀਐੱਨਪੀਏ) ਅਨੁਪਾਤ ਕਈ ਸਾਲ ਦੇ ਹੇਠਲੇ ਪੱਧਰ ’ਤੇ ਆ ਗਏ ਹਨ।’’
ਐੱਫਐੱਸਆਰ ਵਿੱਚ ਅਰਥਚਾਰੇ ਬਾਰੇ ਕਿਹਾ ਗਿਆ ਹੈ ਕਿ 2024-25 ਦੀ ਪਹਿਲੀ ਛਿਮਾਹੀ ਦੌਰਾਨ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਘਟ ਕੇ 6 ਫੀਸਦ ’ਤੇ ਆ ਗਈ ਜੋ ਕਿ 2023-24 ਦੀ ਪਹਿਲੀ ਤੇ ਦੂਜੀ ਛਿਮਾਹੀ ਵਿੱਚ ਕ੍ਰਮਵਾਰ 8.2 ਫੀਸਦ ਤੇ 8.1 ਫੀਸਦ ਸੀ। ਆਰਬੀਆਈ ਨੇ ਕਿਹਾ, ‘‘ਘਰੇਲੂ ਚਾਲਕ, ਮੁੱਖ ਤੌਰ ’ਤੇ ਜਨਤਕ ਖ਼ਪਤ ਤੇ ਨਿਵੇਸ਼ ਅਤੇ ਮਜ਼ਬੂਤ ਸੇਵਾ ਬਰਾਮਦ ਕਰ ਕੇ 2024-25 ਦੀ ਤੀਜੀ ਤੇ ਚੌਥੀ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ ਵਿੱਚ ਸੁਧਾਰ ਹੋਣ ਦੀ ਆਸ ਹੈ।’’ ਰਿਪੋਰਟ ਵਿੱਚ ਮਹਿੰਗਾਈ ਬਾਰੇ ਕਿਹਾ ਗਿਆ ਹੈ ਕਿ ਸਾਉਣੀ ਤੇ ਹਾੜ੍ਹੀ ਦੀਆਂ ਬੰਪਰ ਫ਼ਸਲਾਂ ਕਰ ਕੇ ਅੱਗੇ ਚੱਲ ਕੇ ਖੁਰਾਕ ਕੀਮਤਾਂ ਘਟਣ ਦੀ ਆਸ ਹੈ। ਹਾਲਾਂਕਿ, ਸਖ਼ਤ ਮੌਸਮੀ ਹਾਲਾਤ ਦੀਆਂ ਘਟਨਾਵਾਂ ਦੇ ਵਧਦੇ ਰੁਝਾਨਾਂ ਕਰ ਕੇ ਖ਼ਤਰਾ ਬਣਿਆ ਹੋਇਆ ਹੈ। ਭੂ-ਸਿਆਸੀ ਸਪਲਾਈ ਚੇਨ ਤੇ ਵਸਤਾਂ ਦੀਆਂ ਕੀਮਤਾਂ ’ਤੇ ਦਬਾਅ ਵਧ ਸਕਦਾ ਹੈ। -ਪੀਟੀਆਈ