ਐਕਸਪ੍ਰੈੱਸ ਬਾਈਪਾਸ ਬਣਨ ਨਾਲ ਜਲੰਧਰ ਵਾਸੀਆਂ ਨੂੰ ਟਰੈਫ਼ਿਕ ਜਾਮ ਤੋਂ ਮਿਲੇਗੀ ਰਾਹਤ
ਹਤਿੰਦਰ ਮਹਿਤਾ
ਜਲੰਧਰ, 17 ਅਕਤੂਬਰ
ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਟਰੈਫਿਕ ਜਾਮ ਤੇ ਹਾਦਸਿਆਂ ਦਾ ਸਾਹਮਣਾ ਕਰ ਰਹੇ ਮਹਾਨਗਰ ਜਲੰਧਰ ਨੂੰ 46 ਕਿਲੋਮੀਟਰ ਲੰਬੇ ਸਿਕਸ ਲੇਨ ਐਕਸਪ੍ਰੈਸ ਬਾਈਪਾਸ ਦੀ ਉਸਾਰੀ ਨਾਲ ਵੱਡੀ ਰਾਹਤ ਮਿਲੇਗੀ। ਬਾਈਪਾਸ ਕਰਤਾਰਪੁਰ ਨੇੜੇ ਪਿੰਡ ਕਾਹਲਵਾਂ ਤੋਂ ਸ਼ੁਰੂ ਹੋ ਕੇ ਜਲੰਧਰ-ਮੋਗਾ ਰੋਡ ’ਤੇ ਨਕੋਦਰ ਤੋਂ ਪਹਿਲਾਂ ਪਿੰਡ ਕੰਗਸਾਹਬੂ ਤੱਕ ਜਾਵੇਗਾ। ਇਹ ਬਾਈਪਾਸ ਜਲੰਧਰ-ਅੰਮ੍ਰਿਤਸਰ, ਜਲੰਧਰ-ਜੰਮੂ, ਜਲੰਧਰ-ਹੁਸ਼ਿਆਰਪੁਰ, ਜਲੰਧਰ-ਦਿੱਲੀ ਤੇ ਜਲੰਧਰ-ਨਕੋਦਰ ਹਾਈਵੇਅ ਨੂੰ ਆਪਸ ਵਿੱਚ ਜੋੜੇਗਾ। ਬਾਈਪਾਸ ਦੀ ਉਸਾਰੀ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ, ਜੰਮੂ ਕਸ਼ਮੀਰ ਤੋਂ ਦਿੱਲੀ, ਹਿਮਾਚਲ ਪ੍ਰਦੇਸ਼ ਤੋਂ ਰਾਜਸਥਾਨ ਤੇ ਰਾਜਸਥਾਨ ਤੋਂ ਜੰਮੂ ਕਸ਼ਮੀਰ ਜਾਣ ਵਾਲੇ ਵਾਹਨ ਜਲੰਧਰ ਸ਼ਹਿਰ ’ਚ ਦਾਖਲ ਨਹੀਂ ਹੋਣਗੇ। ਇਸ ਬਾਈਪਾਸ ਦੀ ਉਸਾਰੀ ਚਾਲੂ ਹੋ ਚੁੱਕੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਸਾਲ 2025 ਵਿੱਚ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।
ਇਸ ਨਾਲ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਵਾਲੇ ਟਰੈਫਿਕ ਜਾਮ ਤੋਂ ਰਾਹਤ ਮਿਲੇਗੀ। ਬਾਈਪਾਸ ਬਣ ਜਾਣ ਤੋਂ ਬਾਅਦ ਇੱਥੋਂ ਦੀ ਸਨਅਤ ਵੀ ਪ੍ਰਫੁੱਲਤ ਹੋਵੇਗੀ। ਸਨਅਤੀ ਖੇਤਰ ਦਿਨ ਦੇ ਜ਼ਿਆਦਾਤਰ ਸਮੇਂ ’ਚ ਟਰੈਫਿਕ ਜਾਮ ਤੋਂ ਘਿਰਿਆ ਰਹਿੰਦਾ ਹੈ। ਮੌਜੂਦਾ ਸਮੇਂ ’ਚ ਮਰੀਜ਼ ਲਿਆ ਰਹੀ ਐਂਬੂਲੈਂਸ ਟਰੈਫਿਕ ਜਾਮ ’ਚ ਫਸੀ ਰਹਿੰਦੀ ਹੈ। ਜਲੰਧਰ ਬਾਈਪਾਸ ਦੀ ਉਸਾਰੀ ਨਾਲ ਸੜਕ ਹਾਦਸੇ ਘਟਣ ਦੀ ਸੰਭਾਵਨਾ ਹੈ।