ਬਾਦਲ ’ਤੇ ਹਮਲੇ ਨਾਲ ‘ਆਪ’ ਸਰਕਾਰ ਨਿਸ਼ਾਨੇ ’ਤੇ ਆਈ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਦਸੰਬਰ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹਰਿਮੰਦਰ ਸਾਹਿਬ ਵਿੱਚ ਹੋਏ ਹਮਲੇ ਨਾਲ ਸਿਆਸਤ ਭਖ ਗਈ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਸ ਮਾਮਲੇ ’ਤੇ ਘੇਰਾਬੰਦੀ ਹੋਣ ਲੱਗੀ ਹੈ ਜਦੋਂ ਕਿ ‘ਆਪ’ ਦੀ ਲੀਡਰਸ਼ਿਪ ਬਚਾਅ ਵਿੱਚ ਜੁਟ ਗਈ ਹੈ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਨੇ ਅੱਜ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਅਤੇ ’ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪੰਜਾਬ ਪੁਲੀਸ ਵੱਲੋਂ ਵਰਤੀ ਮੁਸਤੈਦੀ ਦੀ ਸ਼ਲਾਘਾ ਕੀਤੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਿੱਲੀ ਚੋਣਾਂ ਵਿਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਉਭਾਰਿਆ ਜਾ ਰਿਹਾ ਹੈ। ਦਿੱਲੀ ਚੋਣਾਂ ਵਿਚ ਭਾਜਪਾ ਸਿਆਸੀ ਲਾਹੇ ਖ਼ਾਤਰ ਹੁਣ ਪੰਜਾਬ ਵਿੱਚ ਵਾਪਰੀ ਇਸ ਘਟਨਾ ਨੂੰ ਉਭਾਰ ਸਕਦੀ ਹੈ।
ਮਖੂ (ਪੱਤਰ ਪ੍ਰੇਰਕ):
ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਘਟਨਾ ਸੂਬੇ ਦੀ ਡਾਵਾਂਡੋਲ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਬਿਆਨ ਕਰਦੀ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਹੁਣ ਅਕਾਲ ਪੁਰਖ ਦਾ ਅੰਤਰ ਆਤਮਾ ਤੋਂ ਸ਼ੁਕਰਾਨਾ ਕਰਦੇ ਹੋਏ ਰਹਿੰਦੇ ਜ਼ਿੰਦਗੀ ਦੇ ਸਵਾਸਾਂ ਨੂੰ ਚੰਗੇ ਅਮਲਾਂ ਵਿਚ ਲਗਾ ਕੇ ਪਾਪਾਂ ਦਾ ਪਸਚਾਤਾਪ ਕਰਨਾ ਚਾਹੀਦਾ ਹੈ।
ਅੰਮ੍ਰਿਤਸਰ (ਟਨਸ):
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਅਤੇ ਚੀਫ਼ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ।
ਜਾਖੜ ਨੇ ਸੂਬਾ ਸਰਕਾਰ ਨੂੰ ਘੇਰਿਆ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਸੂਬਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀ ਦੀ ਬਹਾਦਰੀ ਇਸ ਸਚਾਈ ’ਤੇ ਪਰਦਾ ਨਹੀਂ ਪਾ ਸਕਦੀ ਕਿ ਪੰਜਾਬ ਦੇ ਹਾਲਾਤ ਮੁੜ ਵਿਗੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਵਰਕਰ ਸੀ, ਪਰ 2017 ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕੇਐੱਲਐੱਫ ਨਾਲ ਜੁੜੇ ਇੱਕ ਨੇਤਾ ਦੇ ਘਰ ਰਾਤ ਕੱਟੀ ਸੀ।