ਸ਼ੈਲਜਾ ਦੇ ਸਰਗਰਮ ਹੋਣ ਨਾਲ ਕਾਂਗਰਸ ਮਜ਼ਬੂਤ ਹੋਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆਉਣ ਕਾਰਨ ਰਾਜਸੀ ਪਾਰਟੀਆਂ ਨੇ ਚੋਣ ਪਿੜ ਭਖਾ ਦਿੱਤਾ ਹੈ। ਇਸੇ ਦੌਰਾਨ ਪਹਿਲਾਂ ਕਾਂਗਰਸ ਪਾਰਟੀ ਨੂੰ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਹਰਿਆਣਾ ਕਾਂਗਰਸ ਦੀ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਚੋਣ ਮੈਦਾਨ ਵਿੱਚ ਸਰਗਰਮ ਹੋਣ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਹਾਈਕਮਾਨ ਵੱਲੋਂ ਕੁਮਾਰੀ ਸ਼ੈਲਜਾ ਨੂੰ ਨਜ਼ਰਅੰਦਾਜ ਕਰਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਤਰਜੀਹ ਦਿੱਤੇ ਜਾਣ ਕਰਕੇ ਸ਼ੈਲਜਾ ਪਾਰਟੀ ਤੋਂ ਨਾਰਾਜ਼ ਹੋ ਗਏ ਸਨ। ਉਨ੍ਹਾਂ ਚੋਣ ਗਤੀਵੀਧੀਆਂ ਤੋਂ ਪਾਸਾ ਵੱਟ ਲਿਆ ਸੀ। ਇਸ ਦੌਰਾਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਸ੍ਰੀਮਤੀ ਸ਼ੈਲਜਾ ਨੂੰ ਭਗਵਾਂ ਪਾਰਟੀ ਵਿੱਚ ਸ਼ਾਮਲ ਹੋਣ ਤੱਕ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਕਰਕੇ ਉਨ੍ਹਾਂ ਦੇ ਕਾਂਗਰਸ ਛੱਡਣ ਤੱਕ ਦੇ ਚਰਚੇ ਚੱਲ ਪਏ ਸਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਆਪਣੀ ਫੇਰੀ ਦੇ ਨਾਲ ਹੀ ਕੁਮਾਰੀ ਸ਼ੈਲਜਾ ਦੀ ਨਰਾਜ਼ਗੀ ਦੂਰ ਕਰ ਦਿੱਤੀ ਸੀ। ਉਸ ਸਮੇਂ ਕੁਮਾਰੀ ਸ਼ੈਲਜਾ ਰਾਹੁਲ ਗਾਂਧੀ ਦੇ ਨਾਲ ਵਿਧਾਨ ਸਭਾ ਹਲਕਾ ਅਸੰਧ ਵਿੱਚ ਮੰਚ ’ਤੇ ਬੈਠੀ ਵੀ ਦਿਖਾਈ ਦਿੱਤੀ ਸੀ। ਮਗਰੋਂ ਸ਼ੈਲਜਾ ਚੋਣਾਂ ਦੌਰਾਨ ਸਰਗਰਮ ਹੋ ਗਈ। ਕੁਮਾਰੀ ਸ਼ੈਲਜਾ ਵੱਲੋਂ ਰੋਜ਼ਾਨਾ 8 ਤੋਂ 10 ਥਾਵਾਂ ’ਤੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਅੱਜ ਵੀ ਕੁਮਾਰੀ ਸ਼ੈਲਜਾ ਨੇ ਵਿਧਾਨ ਸਭਾ ਹਲਕਾ ਕਾਲਕਾ, ਸਢੌਰਾ, ਜਗਾਧਰੀ, ਅੰਬਾਲਾ ਛਾਉਣੀ ਅਤੇ ਪੰਚਕੂਲਾ ਵਿੱਚ ਦੋ ਜਨ ਸਭਾਵਾਂ ਵਿੱਚ ਸ਼ਮੂਲੀਅਤ ਕੀਤੀ।