ਪਿੰਡ ਜ਼ਾਫਰਪੁਰ ਵਿੱਚ ਅੱਧੀ ਦਰਜਨ ਮੋਟਰਾਂ ਤੋਂ ਤਾਰਾਂ ਤੇ ਪਿੱਤਲ ਚੋਰੀ
ਪੱਤਰ ਪ੍ਰੇਰਕ
ਦੇਵੀਗੜ੍ਹ, 3 ਜੂਨ
ਬੀਤੀ ਰਾਤ ਨੇੜਲੇ ਪਿੰਡ ਜ਼ਾਫਰਪੁਰ ਵਿੱਚ ਅੱਧੀ ਦਰਜਨ ਮੋਟਰਾਂ ਤੋਂ ਤਾਰਾਂ ਅਤੇ ਪਿੱਤਲ ਚੋਰੀ ਹੋ ਗਈਆਂ। ਜਾਣਕਾਰੀ ਦਿੰਦਿਆਂ ਕਿਸਾਨ ਗੁਰਮੇਲ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਮੋਟਰ ’ਤੇ ਗਏ ਤਾਂ ਮੋਟਰ ਅਤੇ ਸਟਾਰਟਰ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ ਅਤੇ ਸਪਰੇਅ ਵਾਲੇ ਪੰਪ ਵਿਚੋਂ ਵੀ ਪਿੱਤਲ ਵਾਲਾ ਗਿਲਾਸ ਚੋਰ ਕੱਢ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਸ ਦੀ ਮੋਟਰ ਅਤੇ ਨੇੜਲੇ ਕਿਸਾਨ ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ ਆਦਿ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਚੋਰ ਕੱਟ ਕੇ ਲੈ ਗਏ ਹਨ, ਜਿਸ ਨਾਲ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਖੇਤਰ ਦੇ ਪਿੰਡਾਂ ਵਿੱਚ ਵੀ ਰਾਤ ਦੀ ਗਸਤ ਵਧਾਈ ਜਾਵੇ ਤੇ ਜਿਹੜੇ ਚੋਰ ਫੜੇ ਜਾਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਬਾਰੇ ਚੌਕੀ ਇੰਚਾਰਜ ਬਲਬੇੜਾ ਗੁਰਮੀਤ ਸਿੰਘ ਮਵੀ ਨੇ ਕਿਹਾ ਕਿ ਇਸ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਚੌਕੀ ਅਧੀਨ ਆਉਂਦੇ ਪਿੰਡਾਂ ਦੀ ਪੁਲੀਸ ਵੱਲੋਂ ਗਸ਼ਤ ਵਧਾਈ ਜਾਵੇਗੀ ਤੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।