ਨਿੱਜੀ ਕੰਪਨੀ ਵੱਲੋਂ ਪਾਈ ਤਾਰ ਗਾਰੰਟੀ ਸਮੇਂ ’ਚ ਹੀ ਖਰਾਬ
ਪਵਨ ਕੁਮਾਰ ਵਰਮਾ
ਧੂਰੀ, 28 ਜੁਲਾਈ
ਪਾਵਰਕੌਮ ਵੱਲੋਂ ਧੂਰੀ ਸ਼ਹਿਰ ਦੀਆਂ ਐਲਟੀ., ਏਬੀ ਤਾਰਾਂ, ਖੰਭੇ, ਟਰਾਂਸਫਾਰਮਰ ਤੇ ਮੀਟਰ ਆਦਿ ਬਦਲਣ ਦਾ ਠੇਕਾ ਮਹਾਂਰਾਸ਼ਟਰ ਦੀ ਇੱਕ ਨਿੱਜੀ ਕੰਪਨੀ ਨੂੰ 8 ਕਰੋੜ ਰੁਪਏ ਵਿੱਚ ਦਿੱਤਾ ਗਿਆ ਸੀ ਤੇ ਇਸ ਰਾਸ਼ੀ ਵਿੱਚ ਅੰਦਾਜਨ 50 ਲੱਖ ਰੁਪਏ ਦੀ ਐਲਟੀ ਕੇਬਲ ਵੀ ਬਦਲੀ ਜਾਣੀ ਸੀ। ਜਨਵਰੀ 2016 ਵਿੱਚ ਸ਼ੁਰੂ ਹੋਇਆ ਇਹ ਕੰਮ ਜੁਲਾਈ 2018 ਵਿੱਚ ਮੁਕੰਮਲ ਹੋ ਗਿਆ ਸੀ ਪਰ ਇਸ ਕੰਪਨੀ ਵੱਲੋਂ ਧੂਰੀ ਸ਼ਹਿਰ ’ਚ ਪਾਈਆਂ ਐਲਟੀ, ਏਬੀ ਤਾਰਾਂ ਦੀ ਘਟੀਆ ਕੁਆਲਟੀ ਦੇ ਚੱਲਦਿਆਂ ਜਿੱਥੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਊਥੇ ਕੰਪਨੀ ਵੱਲੋਂ ਆਪਣੇ ਖਰਚ ’ਤੇ ਮੁੜ ਤਾਰਾਂ ਬਦਲਣ ਕਾਰਨ ਗਰਮੀ ਵਿੱਚ ਬਿਜਲੀ ਖਪਤਕਾਰਾਂ ਨੂੰ ਦੁਬਾਰਾ ਲੰਬੇ ਕੱਟ ਸਹਿਣੇ ਪੈ ਰਹੇ ਹਨ। ਸਬੰਧਤ ਵਿਭਾਗ ਏਪੀਡੀਆਰਪੀ ਦੇ ਐਕਸੀਅਨ ਤੇ ਐਸਈ ਰਮਨ ਕੁਮਾਰ ਅਨੁਸਾਰ ਮਹਾਂਰਾਸ਼ਟਰ ਦੀ ਇੱਕ ਨਿੱਜੀ ਕੰਪਨੀ ਸ਼ਰੀਮ ਇਲੈਕਟ੍ਰਿਕ ਲਿਮ. ਕੋਲ ਧੂਰੀ ਸ਼ਹਿਰ ਦੇ ਖੰਭੇ, ਮੀਟਰ, ਟਰਾਂਸਫਾਰਮਰ ਤੇ ਐਲਟੀ ਤਾਰਾਂ ਬਦਲਣ ਦਾ ਠੇਕਾ ਸੀ ਤੇ ਜਨਵਰੀ 2016 ’ਚ ਕੰਪਨੀ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਜੁਲਾਈ 2018 ’ਚ ਮੁਕੰਮਲ ਕਰ ਲਿ਼ਆ ਸੀ। ਧੂਰੀ ਸ਼ਹਿਰ ਦੇ ਵੱਡੇ ਹਿੱਸੇ ’ਚ ਪਾਈ ਐਲਟੀ ਦੀ ਇੰਸੂਲੇਸ਼ਨ ਖਰਾਬ ਹੋਣ ਦੀ ਸੂਚਨਾ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਵਿਭਾਗ ਪਾਸ ਭੇਜੀ ਗਈ ਸੀ ਤੇ ਐਲਟੀ ਗਾਰੰਟੀ ਪੀਰੀਅਡ ਵਿੱਚ ਹੋਣ ਕਾਰਨ ਸਬੰਧਤ ਕੰਪਨੀ ਨੂੰ ਇਹ ਤਾਰਾਂ ਬਦਲਣ ਲਈ ਲਿਖਿਆ ਗਿਆ ਸੀ ਤੇ ਉਸ ਕੰਪਨੀ ਦੀ ਵਿਭਾਗ ਪਾਸ ਜਮਾਂ ਲੱਖਾਂ ਰੁਪਏ ਦੀ ਸਕਿਊਰਿਟੀ ਦੇ ਚੱਲਦਿਆਂ ਹੁਣ ਕੰਪਨੀ ਨੇ ਆਪਣੇ ਖਰਚ ’ਤੇ ਸ਼ਹਿਰ ਵਿੱਚ 13 ਕਿਲੋਮੀਟਰ ਘਟੀਆ ਕੁਆਲਿਟੀ ਦੀ ਤਾਰ ਨੂੰ ਬਦਲਦੇ ਹੋਏ ਨਵੀਂ ਤਾਰ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਾਵਰਕੌਮ ਦੇ ਧੂਰੀ ਡਵੀਜ਼ਨ ਐਕਸੀਅਨ ਮਨੋਜ ਕੁਮਾਰ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਠੇਕੇਦਾਰ ਵੱਲੋਂ ਦੁਬਾਰਾ ਤਾਰਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਇਸੇ ਕੰਪਨੀ ਵੱਲੋਂ ਜਲੰਧਰ, ਮੁਹਾਲੀ, ਚੰਡੀਗੜ੍ਹ ’ਚ ਵੀ ਇਹ ਕੇਬਲਾਂ ਬਦਲਣ ਦਾ ਠੇਕਾ ਲਿਆ ਸੀ ਤੇ ਹੋ ਸਕਦਾ ਹੈ ਕਿ ਉੱਥੇ ਵੀ ਐਲਟੀ, ਏਬੀ ਕੇਬਲ ਦੀ ਸਥਿਤੀ ਤੇ ਕੁਆਲਟੀ ਇਹੋ ਜਿਹੀ ਹੀ ਹੋਵੇ।
ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਸ ਕੰਪਨੀ ਵੱਲੋਂ ਪੰਜਾਬ ਦੇ ਹੋਰ ਸ਼ਹਿਰਾਂ ’ਚ ਪਾਈ ਕੇਬਲ ਦੀ ਕੁਆਲਟੀ ਦੀ ਵੀ ਪਰਖ ਕਰਵਾਉਣੀ ਚਾਹੀਦੀ ਹੈ। ਧੂਰੀ ਦੇ ਲੋਕਾਂ ਨੇ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੇਨੂੰ ਪ੍ਰਸਾਦ ਤੋਂ ਮੰਗ ਕੀਤੀ ਹੈ ਕਿ ਵਿਭਾਗ ਨਿੱਜੀ ਕੰਪਨੀ ਤੋਂ ਤਾਰਾਂ ਬਦਲਵਾਉਣ ਦਾ ਮਾਮਲਾ ਛੇਤੀ ਹੱਲ ਕਰਵਾਵੇ।